ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬਣਾਈ ਗਈ 12 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਜਮਾਲਪੁਰ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਖੇ ਹੋਈ। ਮੀਟਿੰਗ ਵਿੱਚ ਡੇਅਰੀ ਮਾਲਕਾਂ ਨੇ ਦਰਿਆ ਵਿੱਚ ਗੋਹਾ ਜਾਣ ਤੋਂ ਰੋਕਣ ਅਤੇ ਸਾਫ਼ ਪਾਣੀ ਦੀ ਦੁਰਵਰਤੋਂ ਬੰਦ ਕਰਨ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮੀਟਿੰਗ ਦੌਰਾਨ ਡੇਅਰੀ ਮਾਲਕਾਂ ਵਿਰੁੱਧ ਦਰਜ ਐੱਫਆਈਆਰ ਵਾਪਸ ਲੈਣ ਦਾ ਮੁੱਦਾ ਵੀ ਉੱਠਿਆ। ਸੰਤ ਸੀਚੇਵਾਲ ਨੇ ਇਸ ਸਬੰਧੀ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕਮੇਟੀ ਨੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਦਾ ਨਿਰੀਖਣ ਕੀਤਾ, ਜਿੱਥੇ ਪਾਣੀ ਦੀ ਵਧੇਰੇ ਵਰਤੋਂ ਦੀ ਗੰਭੀਰ ਸਮੱਸਿਆ ਸਾਹਮਣੇ ਆਈ।
ਜਾਂਚ ਦੌਰਾਨ ਪਤਾ ਲੱਗਾ ਕਿ ਤਾਜਪੁਰ ਅਤੇ ਹੈਬੋਵਾਲ ਡੇਅਰੀ ਕੰਪਲੈਕਸਾਂ ਦੇ ਈਟੀਪੀ ਪਲਾਂਟਾਂ ਦੀ ਕੁੱਲ ਸਮਰੱਥਾ 6 ਐੱਮਐੱਲਡੀ ਹੈ, ਜਦਕਿ ਇਨ੍ਹਾਂ ਵਿੱਚ ਰੋਜ਼ਾਨਾ ਲਗਭਗ 12 ਐੱਮਐੱਲਡੀ ਪਾਣੀ ਪਹੁੰਚ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵਾਧੂ ਪਾਣੀ ਦੀ ਵਰਤੋਂ ਘਟਾਉਣ ਲਈ ਡੇਅਰੀਆਂ ਵਿੱਚ ਫਲੋਅ ਮੀਟਰ ਲਗਾਏ ਜਾ ਰਹੇ ਹਨ।
ਡੇਅਰੀ ਕੰਪਲੈਕਸਾਂ ਦੇ ਪ੍ਰਧਾਨਾਂ ਨੇ ਸਹਿਮਤੀ ਦਿੱਤੀ ਕਿ ਸਾਰੀਆਂ ਡੇਅਰੀਆਂ ਦਾ ਗੋਹਾ ਨਗਰ ਨਿਗਮ ਦੇ ਠੇਕੇਦਾਰ ਰਾਹੀਂ ਚੁਕਵਾਇਆ ਜਾਵੇਗਾ ਅਤੇ ਪਾਣੀ ਦੀ ਵਰਤੋਂ ਸਿਰਫ਼ ਪਸ਼ੂਆਂ ਦੀ ਲੋੜ ਅਨੁਸਾਰ ਕੀਤੀ ਜਾਵੇਗੀ। ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਢੇ ਦਰਿਆ ਦੀ ਸਫ਼ਾਈ ਲਈ ਪਿਛਲੇ ਦੋ ਸਾਲਾਂ ਵਿੱਚ 46 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਡੇਅਰੀ ਮਾਲਕਾਂ, ਉਦਯੋਗਪਤੀਆਂ ਅਤੇ ਲੋਕਾਂ ਨੂੰ ਦਰਿਆ ਵਿੱਚ ਕੂੜਾ ਜਾਂ ਗੰਦਗੀ ਨਾ ਸੁੱਟਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਕਮੇਟੀ ਦੀ ਅਗਲੀ ਮੀਟਿੰਗ ਅਗਲੇ ਹਫ਼ਤੇ ਹੋਵੇਗੀ।





