ਫਿਰੋਜ਼ਪੁਰ ਰੇਲਵੇ ਮੰਡਲ ਨੇ ਮਾਲ ਢੁਆਈ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਦਰਜ ਕਰਦਿਆਂ ਅਕਤੂਬਰ 2026 ਦੌਰਾਨ 140 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ ਹੈ। ਇਹ ਰੇਲਵੇ ਹੈੱਡਕੁਆਰਟਰ ਵੱਲੋਂ ਨਿਰਧਾਰਤ ਟੀਚੇ ਦਾ 104 ਫ਼ੀਸਦੀ ਤੋਂ ਵੱਧ ਹੈ। ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਮਾਲੀਏ ਵਿੱਚ 64 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।

ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਵਿੱਤੀ ਸਾਲ 2026-27 ਦੌਰਾਨ ਅਪ੍ਰੈਲ ਤੋਂ ਅਕਤੂਬਰ ਤੱਕ ਮਾਲ ਢੁਆਈ ਰਾਹੀਂ ਕੁੱਲ 935.80 ਕਰੋੜ ਰੁਪਏ ਦੀ ਆਮਦਨ ਹੋਈ ਹੈ। ਅਕਤੂਬਰ ਵਿੱਚ ਖੁਰਾਕੀ ਅਨਾਜ ਦੀ ਲੋਡਿੰਗ ਤੋਂ 87.86 ਕਰੋੜ ਅਤੇ ਪੀ.ਐੱਫ.ਜੀ. ਲੋਡਿੰਗ ਤੋਂ 38 ਕਰੋੜ ਰੁਪਏ ਪ੍ਰਾਪਤ ਹੋਏ। ਪਿਛਲੇ ਸਾਲ ਦੇ ਮੁਕਾਬਲੇ ਖੁਰਾਕੀ ਅਨਾਜ ਦੀ ਲੋਡਿੰਗ ਵਿੱਚ 34 ਫ਼ੀਸਦੀ ਅਤੇ ਪੀ.ਐੱਫ.ਜੀ. ਵਿੱਚ 100 ਫ਼ੀਸਦੀ ਵਾਧਾ ਦਰਜ ਕੀਤਾ ਗਿਆ।

ਮਾਲੀਆ ਵਧਾਉਣ ਲਈ ਮੰਡਲ ਵੱਲੋਂ ਈ-ਆਕਸ਼ਨ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਅਤੇ ਗੁਡਜ਼ ਸ਼ੈੱਡਾਂ ਵਿੱਚ ਡਿਜੀਟਲ ਵੀਡੀਓ ਵਾਲ ਰਾਹੀਂ ਇਸ਼ਤਿਹਾਰਬਾਜ਼ੀ ਵਰਗੀਆਂ ਪਹਿਲਕਦਮੀਆਂ ਕੀਤੀਆਂ ਗਈਆਂ, ਜਿਨ੍ਹਾਂ ਤੋਂ 8.741 ਕਰੋੜ ਰੁਪਏ ਦੀ ਆਮਦਨ ਹੋਈ। ਇਸ ਤੋਂ ਇਲਾਵਾ ਆਰ.ਸੀ.ਐੱਫ. ਕੋਚਾਂ ਦੀ ਬੰਗਲਾਦੇਸ਼ ਨੂੰ ਬਰਾਮਦ, ਲੁਧਿਆਣਾ ਤੋਂ ਹੌਜ਼ਰੀ ਸਾਮਾਨ ਦੀ ਢੁਆਈ ਅਤੇ ਜਲਦੀ ਖ਼ਰਾਬ ਹੋਣ ਵਾਲੀਆਂ ਵਸਤਾਂ ਦੀ ਰਿਕਾਰਡ ਲੋਡਿੰਗ ਵੀ ਮਹੱਤਵਪੂਰਨ ਪ੍ਰਾਪਤੀਆਂ ਰਹੀਆਂ।

ਸੀਨੀਅਰ ਮੰਡਲ ਵਣਜ ਪ੍ਰਬੰਧਕ (ਫ੍ਰੇਟ) ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਵਪਾਰੀਆਂ ਨਾਲ ਲਗਾਤਾਰ ਸੰਪਰਕ ਰੱਖ ਕੇ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਮਾਲ ਢੁਆਈ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਵਪਾਰਕ ਮੌਕੇ ਪੈਦਾ ਕਰਨ ਅਤੇ ਮਾਲੀਏ ਵਿੱਚ ਹੋਰ ਵਾਧਾ ਕਰਨ ਲਈ ਯਤਨ ਜਾਰੀ ਰਹਿਣਗੇ।