ਈਸਾ ਨਗਰੀ ਚੌਕ ਵਿੱਚ ਵੀਰਵਾਰ ਤੜਕੇ ਤੇਜ਼ ਰਫ਼ਤਾਰ ਹੋਂਡਾ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸਾਗ ਵੇਚਣ ਆਏ ਮੋਟਰਸਾਈਕਲ ਸਵਾਰ ਅਧੇੜ ਉਮਰ ਦੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ।

ਜਾਣਕਾਰੀ ਅਨੁਸਾਰ ਮ੍ਰਿਤਕ ਪਿੰਡਾਂ ਤੋਂ ਸਾਗ ਲਿਆ ਕੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵੇਚਦਾ ਸੀ। ਵੀਰਵਾਰ ਤੜਕੇ ਉਹ ਮੋਟਰਸਾਈਕਲ ’ਤੇ ਸਾਗ ਲੈ ਕੇ ਕਿਦਵਈ ਨਗਰ, ਇਸਲਾਮਗੰਜ ਅਤੇ ਈਸਾ ਨਗਰੀ ਵੱਲ ਜਾ ਰਿਹਾ ਸੀ। ਇਸ ਦੌਰਾਨ ਪਿੱਛਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਹ ਸੜਕ ’ਤੇ ਡਿੱਗ ਪਿਆ ਅਤੇ ਕਾਰ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਅੱਗੇ ਵਧੀ ਅਤੇ ਕੁਝ ਦੂਰੀ ’ਤੇ ਤਿੰਨ ਸਕੂਟਰਾਂ ਨੂੰ ਵੀ ਟੱਕਰ ਮਾਰ ਦਿੱਤੀ। ਇਸ ਕਾਰਨ ਸਕੂਟਰ ਸਵਾਰ ਔਰਤਾਂ ਅਤੇ ਨੌਜਵਾਨ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਣ ’ਤੇ ਸਮਾਜਿਕ ਕਾਰਕੁਨ ਰਮੇਸ਼ ਬਾਂਗੜ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਾਦਸੇ ਦੇ ਕਾਰਨਾਂ ਤੇ ਕਾਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।