ਗ ਮੰਚਕਾਰੀ ਥਿਏਟਰ ਗਰੁੱਪ, ਮੈਲਬੌਰਨ ਵੱਲੋਂ 31 ਅਕਤੂਬਰ ਨੂੰ ‘ਦਿ ਸਟਾਰ ਥਿਏਟਰਜ਼’ ਵਿਖੇ ਇਤਿਹਾਸਕ ਪੰਜਾਬੀ ਨਾਟਕ ‘ਮਹਾਰਾਣੀ ਜਿੰਦਾਂ ਪੰਜਾਬ ਦੀ ਆਖ਼ਰੀ ਰਾਣੀ’ ਮੰਚਿਤ ਕੀਤਾ ਗਿਆ। ਰਾਬਤਾ ਰੇਡੀਓ ਆਸਟ੍ਰੇਲੀਆ ਅਤੇ ਰੌਬੀ ਬੈਣੀਪਾਲ ਦੇ ਪ੍ਰਬੰਧ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਸਿੱਖ ਇਤਿਹਾਸ ਦੇ ਅਹਿਮ ਅਧਿਆਏ ਅਤੇ ਮਹਾਰਾਣੀ ਜਿੰਦ ਕੌਰ ਦੇ ਸੰਘਰਸ਼ ਨੂੰ ਜੀਵੰਤ ਕੀਤਾ ਗਿਆ।

ਰਮਾ ਸੇਖੋਂ ਨੇ ਮੁੱਖ ਭੂਮਿਕਾ ਨਿਭਾਉਂਦਿਆਂ ਮਹਾਰਾਣੀ ਦੀ ਦਲੇਰੀ, ਸਵੈਮਾਣ ਅਤੇ ਪੁੱਤਰ ਮਹਾਰਾਜਾ ਦਲੀਪ ਸਿੰਘ ਤੋਂ ਵਿਛੜਨ ਦੀ ਪੀੜ ਨੂੰ ਬਾਖੂਬੀ ਦਰਸਾਇਆ। ਪੰਜਾਬ ਤੋਂ ਪਹੁੰਚੇ ਗੁਰਤੇਜ ਮਾਨ ਨੇ ਨੌਂ ਵੱਖ-ਵੱਖ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦੀ ਬਹੁਪੱਖੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਕਹਾਣੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਲਾਹੌਰ ਦਰਬਾਰ ਦੀ ਸਿਆਸਤ, ਅੰਦਰੂਨੀ ਸਾਜ਼ਿਸ਼ਾਂ ਅਤੇ ਅੰਗਰੇਜ਼ ਹਕੂਮਤ ਦੀਆਂ ਨੀਤੀਆਂ ਨੂੰ ਦਰਸਾਇਆ ਗਿਆ। ਆਪਣੇ ਪੁੱਤਰ ਅਤੇ ਪੰਜਾਬ ਦੀ ਸਲਤਨਤ ਨੂੰ ਬਚਾਉਣ ਲਈ ਮਹਾਰਾਣੀ ਵੱਲੋਂ ਕੀਤੇ ਯਤਨ ਨਾਟਕ ਦਾ ਮੁੱਖ ਆਧਾਰ ਰਹੇ। ਮਾਂ-ਪੁੱਤਰ ਦੇ ਵਿਛੋੜੇ ਵਾਲੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।

ਇਸ ਨਾਟਕ ਦੀ ਲੇਖਣੀ, ਡਿਜ਼ਾਈਨ ਅਤੇ ਨਿਰਦੇਸ਼ਨ ਕੇਵਲ ਧਾਲੀਵਾਲ ਨੇ ਕੀਤਾ। ਸੰਗੀਤ ਗਗਨ ਵਡਾਲੀ ਵੱਲੋਂ ਤਿਆਰ ਕੀਤਾ ਗਿਆ, ਜਦਕਿ ਕੁਸ਼ਾਗਰ ਕਾਲੀਆ ਅਤੇ ਹਰਸ਼ਿਤਾ ਨੇ ਗਾਇਕੀ ਰਾਹੀਂ ਯੋਗਦਾਨ ਪਾਇਆ। ਰਮਾ ਸੇਖੋਂ ਨੇ ਅਦਾਕਾਰੀ ਦੇ ਨਾਲ ਆਸਟ੍ਰੇਲੀਆ ਵਿੱਚ ਨਿਰਦੇਸ਼ਨ ਸਹਿਯੋਗ ਵੀ ਦਿੱਤਾ।

ਤਕਨੀਕੀ ਪ੍ਰਬੰਧ ਗੁਰਤੇਜ ਐੱਸ. ਮਾਨ, ਰੰਮੀ ਸੈਣੀ ਅਤੇ ਗੁਰਪ੍ਰੀਤ ਬਰਾੜ ਨੇ ਸੰਭਾਲੇ, ਜਦਕਿ ਬਿਕਰਮ ਸੇਖੋਂ ਨੇ ਪ੍ਰੋਡਕਸ਼ਨ ਮੈਨੇਜਰ ਦੀ ਭੂਮਿਕਾ ਨਿਭਾਈ। ਐਡੀਲੇਡ ਤੋਂ ਪਹਿਲਾਂ ਇਸ ਇਤਿਹਾਸਕ ਪੇਸ਼ਕਾਰੀ ਦਾ ਮੰਚਨ ਜੀਲੌਂਗ, ਬ੍ਰਿਸਬੇਨ ਅਤੇ ਸਿਡਨੀ ਵਿੱਚ ਵੀ ਕੀਤਾ ਜਾ ਚੁੱਕਾ ਹੈ।