ਪੰਜਾਬੀ ਗਾਇਕ ਕਮਲਜੀਤ ਸਿੰਘ ਗਰੇਵਾਲ ਉਰਫ਼ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ੀ ਨੰਬਰ ਤੋਂ ਆਈਆਂ ਕਾਲਾਂ ਅਤੇ ਵੋਇਸ ਮੈਸੇਜ ਰਾਹੀਂ ਧਮਕਾਉਣ ਦੇ ਦੋਸ਼ ਲੱਗੇ ਹਨ। ਗਾਇਕ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਗਿੱਲੀ ਰਾਣਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(4) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਾਭਾ ਨਗਰ ਦੇ ਰਹਿਣ ਵਾਲੇ ਕਮਲ ਗਰੇਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਸੰਗੀਤ ਕੰਪਨੀ ਚਲਾਉਂਦੇ ਹਨ, ਜਿੱਥੇ ਲਾਈਵ ਸ਼ੋਅ ਦੀਆਂ ਆਨਲਾਈਨ ਬੁਕਿੰਗਾਂ ਕੀਤੀਆਂ ਜਾਂਦੀਆਂ ਹਨ। ਬੀਤੇ ਦਿਨੀਂ ਜਦੋਂ ਉਹ ਪਟਿਆਲਾ ਵਿੱਚ ਇੱਕ ਸਮਾਗਮ ਦੌਰਾਨ ਪੇਸ਼ਕਾਰੀ ਕਰ ਰਹੇ ਸਨ ਤਾਂ ਕੰਪਨੀ ਦੇ ਮੋਬਾਈਲ ਫੋਨ ’ਤੇ ਵਿਦੇਸ਼ੀ ਨੰਬਰ ਤੋਂ ਕਈ ਮਿਸਡ ਕਾਲਾਂ ਅਤੇ ਆਡੀਓ ਸੰਦੇਸ਼ ਆਏ।
ਅਗਲੇ ਦਿਨ ਮੈਸੇਜ ਸੁਣਨ ’ਤੇ ਪਤਾ ਲੱਗਾ ਕਿ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਗਿੱਲੀ ਰਾਣਾ ਵਜੋਂ ਦੱਸਦਿਆਂ ਰੋਹਿਤ ਗੋਦਾਰਾ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਅਤੇ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਸੇ ਨੰਬਰ ਤੋਂ ਦੋ ਹੋਰ ਕਾਲਾਂ ਆਉਣ ਕਾਰਨ ਗਾਇਕ ਨੇ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਕੀਤੀ।
ਮਾਮਲੇ ਦੀ ਜਾਂਚ ਕਰ ਰਹੀ ਸਬ-ਇੰਸਪੈਕਟਰ ਜੁਗਰਾਜ ਕੌਰ ਅਨੁਸਾਰ ਪੁਲਿਸ ਵਿਦੇਸ਼ੀ ਨੰਬਰ ਦੀ ਪੜਤਾਲ ਕਰ ਰਹੀ ਹੈ। ਕਾਲ ਕਰਨ ਵਾਲੇ ਦੀ ਅਸਲ ਪਛਾਣ, ਟਿਕਾਣੇ ਅਤੇ ਧਮਕੀਆਂ ਦੇ ਸਰੋਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।





