ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਸਿਹਤ, ਪੁਲਿਸ, ਬਿਜਲੀ, ਫਾਇਰ ਬ੍ਰਿਗੇਡ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਸਰਕਾਰ ਵੱਲੋਂ ਪਟਾਕੇ ਚਲਾਉਣ ਲਈ ਸਵੇਰੇ 6 ਤੋਂ 7 ਵਜੇ ਅਤੇ ਰਾਤ 8 ਤੋਂ 10 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।

ਪੁਲਿਸ ਵਿਭਾਗ ਨੇ ਪਟਾਕਿਆਂ ਦੀ ਵਿਕਰੀ, ਸਟੋਰੇਜ, ਨਿਰਮਾਣ ਅਤੇ ਆਵਾਜਾਈ ’ਤੇ ਨਿਗਰਾਨੀ ਵਧਾ ਦਿੱਤੀ ਹੈ। ਡੀਜੀਪੀ ਅਜੈ ਸਿੰਘਲ ਦੇ ਨਿਰਦੇਸ਼ਾਂ ’ਤੇ ਪੁਲਿਸ ਅਧਿਕਾਰੀਆਂ ਨੂੰ ਪਟਾਕਿਆਂ ਦੇ ਗੋਦਾਮਾਂ ਅਤੇ ਦੁਕਾਨਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਬਿਨਾਂ ਲਾਇਸੈਂਸ ਪਟਾਕੇ ਵੇਚਣ ਜਾਂ ਸਟੋਰ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਫਾਇਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਦੇ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ 24 ਘੰਟੇ ਡਿਊਟੀ ’ਤੇ ਰਹਿਣਗੇ।

ਸਿਹਤ ਵਿਭਾਗ ਨੇ ਸੂਬੇ ਦੇ 23 ਸਿਵਲ ਹਸਪਤਾਲਾਂ ਅਤੇ 52 ਸਬ-ਡਿਵੀਜ਼ਨ ਹਸਪਤਾਲਾਂ ਨੂੰ ਅਲਰਟ ’ਤੇ ਰੱਖਿਆ ਹੈ। ਇਸ ਤੋਂ ਇਲਾਵਾ 416 ਪ੍ਰਾਇਮਰੀ ਹੈਲਥ ਸੈਂਟਰਾਂ ਅਤੇ 121 ਕਮਿਊਨਿਟੀ ਹੈਲਥ ਸੈਂਟਰਾਂ ਨੂੰ ਵੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਟਾਕਿਆਂ ਕਾਰਨ ਸੜਨ ਜਾਂ ਹੋਰ ਸੱਟਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਐਮਰਜੈਂਸੀ ਬੈੱਡ ਰਾਖਵੇਂ ਰੱਖਣ ਅਤੇ ਡਾਕਟਰਾਂ ਨੂੰ ਆਨ-ਕਾਲ ਉਪਲਬਧ ਰਹਿਣ ਲਈ ਕਿਹਾ ਗਿਆ ਹੈ।

ਉੱਧਰ, ਬਿਜਲੀ ਵਿਭਾਗ ਨੇ ਦੀਵਾਲੀ ਮੌਕੇ ਸੂਬੇ ਭਰ ਵਿੱਚ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਤਿਆਰੀ ਕੀਤੀ ਹੈ। ਵਿਭਾਗ ਦੀ ਸਕੱਤਰ ਆਸ਼ਿਮਾ ਬਰਾੜ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਵਿੱਚ ਬਿਜਲੀ ਸਪਲਾਈ ਸੁਚਾਰੂ ਰੱਖਣ ਲਈ ਕਰਮਚਾਰੀਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।

ਬਿਜਲੀ ਕਰਮਚਾਰੀ ਯੂਨੀਅਨ ਅਨੁਸਾਰ, ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਵਿੱਚ ਲਗਭਗ 7,500 ਅਸਥਾਈ ਅਤੇ 7,000 ਸਥਾਈ ਕਰਮਚਾਰੀ ਤਾਇਨਾਤ ਰਹਿਣਗੇ। ਇਸੇ ਤਰ੍ਹਾਂ ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਵਿੱਚ ਵੀ ਲਗਭਗ 7,000 ਅਸਥਾਈ ਅਤੇ 7,000 ਸਥਾਈ ਕਰਮਚਾਰੀ ਡਿਊਟੀ ਨਿਭਾਉਣਗੇ।