ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਾਲੇ ਵਿਆਹੁਤਾ ਤਣਾਅ ਦੀਆਂ ਖ਼ਬਰਾਂ ਦਰਮਿਆਨ ਸੁਨੀਤਾ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਇੱਕ ਤਾਜ਼ਾ ਇੰਟਰਵਿਊ ਵਿੱਚ ਉਨ੍ਹਾਂ ਨੇ ਗੋਵਿੰਦਾ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਵੱਖ ਹੋਣ ਦੀਆਂ ਅਫ਼ਵਾਹਾਂ ਨੂੰ ਖਾਰਜ ਕੀਤਾ ਹੈ।

ਸੁਨੀਤਾ ਨੇ ਗੋਵਿੰਦਾ ਨੂੰ ਆਪਣਾ ਬਚਪਨ ਦਾ ਪਿਆਰ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਰਿਸ਼ਤਾ ਕਰੀਬ 40 ਸਾਲ ਪੁਰਾਣਾ ਹੈ। ਉਨ੍ਹਾਂ ਕਿਹਾ, “ਹੁਣ 40 ਸਾਲ ਦਾ ਵਿਆਹ ਹੈ ਤਾਂ ਅੱਗੇ ਕਿਉਂ ਨਹੀਂ ਰਹੇਗਾ। ਸਾਨੂੰ ਇਸ ਦੁਨੀਆ ਵਿੱਚ ਕੋਈ ਵੱਖ ਨਹੀਂ ਕਰ ਸਕਦਾ। ਅੱਗੇ ਸਭ ਕੁਝ ਮੈਂ ਈਸ਼ਵਰ ’ਤੇ ਛੱਡ ਦਿੱਤਾ ਹੈ।”

ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਸੁਭਾਅ ਮੁਤਾਬਕ ਹੱਸਣਾ-ਖੇਡਣਾ ਪਸੰਦ ਕਰਦੀ ਹੈ ਅਤੇ ਗੋਵਿੰਦਾ ਦੇ ਆਲੇ-ਦੁਆਲੇ ਰਸਮੀ ਬਣ ਕੇ ਨਹੀਂ ਰਹਿ ਸਕਦੀ। ਫਿਲਹਾਲ ਉਨ੍ਹਾਂ ਦਾ ਧਿਆਨ ਆਪਣੇ ਕੰਮ ’ਤੇ ਵੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਗੋਵਿੰਦਾ ਅਤੇ ਸੁਨੀਤਾ ਦੇ ਰਿਸ਼ਤੇ ਵਿੱਚ ਤਣਾਅ ਦੀਆਂ ਖ਼ਬਰਾਂ ਚਰਚਾ ਵਿੱਚ ਹਨ। ਦੋਵਾਂ ਦੇ ਤਲਾਕ ਦੀਆਂ ਅਟਕਲਾਂ ਵੀ ਲੱਗੀਆਂ ਸਨ, ਹਾਲਾਂਕਿ ਸੁਨੀਤਾ ਵੱਲੋਂ ਤਲਾਕ ਦੀ ਅਰਜ਼ੀ ਵਾਪਸ ਲਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ।

ਹਾਲ ਹੀ ਵਿੱਚ ਗੋਵਿੰਦਾ ਅਤੇ ਸੁਨੀਤਾ ਲੰਬੇ ਸਮੇਂ ਬਾਅਦ ਇੱਕ ਦੀਵਾਲੀ ਸਮਾਗਮ ਵਿੱਚ ਆਪਣੇ ਬੱਚਿਆਂ ਨਾਲ ਇਕੱਠੇ ਨਜ਼ਰ ਆਏ। ਉਨ੍ਹਾਂ ਦੀ ਇਸ ਮੌਜੂਦਗੀ ਅਤੇ ਸੁਨੀਤਾ ਦੇ ਤਾਜ਼ਾ ਬਿਆਨ ਤੋਂ ਬਾਅਦ ਜੋੜੇ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਮੁੜ ਤੇਜ਼ ਹੋ ਗਈਆਂ ਹਨ।