ਅਸਾਮ ਵਿੱਚ ਬੁੱਧਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਗੁਹਾਟੀ ਦੇ ਬਾਹਰੀ ਇਲਾਕੇ ਦਿਗਾਰੂ ਰੇਲਵੇ ਸਟੇਸ਼ਨ ਨੇੜੇ ਕੋਲਕਾਤਾ-ਸੈਰਾਂਗ ਐਕਸਪ੍ਰੈੱਸ ਦਾ ਇੰਜਣ ਅਤੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵਿੱਚ ਕਈ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।
ਉੱਤਰ-ਪੂਰਬੀ ਸੀਮਾ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਅਨੁਸਾਰ, ਰੇਲਗੱਡੀ ਨੰਬਰ 13125 ਬੁੱਧਵਾਰ ਸਵੇਰੇ ਕਰੀਬ 6:54 ਵਜੇ ਦਿਗਾਰੂ ਸਟੇਸ਼ਨ ’ਤੇ ਦੂਜੀ ਰੇਲਗੱਡੀ ਨੂੰ ਲੰਘਣ ਲਈ ਰੋਕੀ ਜਾ ਰਹੀ ਸੀ। ਇਸ ਦੌਰਾਨ ਰੇਲਗੱਡੀ ਦੀ ਰਫ਼ਤਾਰ ’ਤੇ ਕਾਬੂ ਨਾ ਰਹਿਣ ਕਾਰਨ ਇਹ ਪਟੜੀ ਤੋਂ ਉਤਰ ਗਈ।
ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਰੇਲਵੇ ਵੱਲੋਂ ਪਟੜੀ ਤੋਂ ਉਤਰੇ ਡੱਬਿਆਂ ਨੂੰ ਹਟਾਉਣ ਅਤੇ ਟਰੈਕ ਬਹਾਲ ਕਰਨ ਲਈ ਰਿਕਵਰੀ ਟ੍ਰੇਨ ਮੌਕੇ ’ਤੇ ਭੇਜੀ ਗਈ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਯਾਤਰੀਆਂ ਨੂੰ ਦੂਜੀ ਰੇਲਗੱਡੀ ਰਾਹੀਂ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਰਿਹਾ ਹੈ। ਰੇਲਵੇ ਦੇ ਜਨਰਲ ਮੈਨੇਜਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ। ਜ਼ਖ਼ਮੀਆਂ ਦੀ ਸਹੀ ਗਿਣਤੀ ਅਤੇ ਹਾਦਸੇ ਦੇ ਕਾਰਨਾਂ ਬਾਰੇ ਅਜੇ ਹੋਰ ਜਾਣਕਾਰੀ ਦੀ ਉਡੀਕ ਹੈ।





