ਦੱਖਣੀ ਦਿੱਲੀ ਦੇ ਸਰੋਜਨੀ ਨਗਰ ਵਿੱਚ ਨਾਬਾਲਗ ਲੜਕੀ ਨਾਲ ਵਾਰ-ਵਾਰ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਪਟਿਆਲਾ ਹਾਊਸ ਅਦਾਲਤ ਨੇ 63 ਸਾਲਾ ਰਾਧੇਸ਼ਿਆਮ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿੱਚ ਭਰੂਣ ਦੇ DNA ਟੈਸਟ ਦੀ ਰਿਪੋਰਟ ਅਹਿਮ ਸਬੂਤ ਸਾਬਤ ਹੋਈ, ਜਿਸ ਵਿੱਚ ਮੁਲਜ਼ਮ ਦੇ ਜੈਵਿਕ ਪਿਤਾ ਹੋਣ ਦੀ ਪੁਸ਼ਟੀ ਹੋਈ ਸੀ। ਪੁਲਿਸ ਅਨੁਸਾਰ ਮੁਲਜ਼ਮ ਪੀੜਤਾ ਦੀ ਇਮਾਰਤ ਵਿੱਚ ਹੀ ਰਹਿੰਦਾ ਸੀ ਅਤੇ ਉਸ ਨੂੰ ਧਮਕਾ ਕੇ ਕਈ ਵਾਰ ਜਿਨਸੀ ਸ਼ੋਸ਼ਣ ਕਰਦਾ ਸੀ। ਬਾਅਦ ਵਿੱਚ ਮਕਾਨ ਬਦਲਣ ਦੇ ਬਾਵਜੂਦ ਉਸ ਨੇ ਪੀੜਤਾ ਨਾਲ ਜਬਰ-ਜਨਾਹ ਜਾਰੀ ਰੱਖਿਆ, ਜਿਸ ਕਾਰਨ ਨਾਬਾਲਗ ਲੜਕੀ ਗਰਭਵਤੀ ਹੋ ਗਈ। ਇਸ ਮਾਮਲੇ ਦਾ ਖੁਲਾਸਾ 6 ਫਰਵਰੀ 2025 ਨੂੰ ਹੋਇਆ, ਜਦੋਂ ਪੁਲਿਸ ਨੂੰ ਨਾਬਾਲਗ ਦੇ ਗਰਭਵਤੀ ਹਾਲਤ ਵਿੱਚ ਸਫ਼ਦਰਜੰਗ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੂਚਨਾ ਮਿਲੀ।

ਸਰੋਜਨੀ ਨਗਰ ਪੁਲਿਸ ਨੇ ਜਾਂਚ ਦੌਰਾਨ ਪੀੜਤਾ ਦੇ ਬਿਆਨ ਦਰਜ ਕੀਤੇ ਅਤੇ DNA ਜਾਂਚ ਸਮੇਤ ਸਬੂਤ ਇਕੱਠੇ ਕੀਤੇ। ਪੁਲਿਸ ਨੇ 1 ਅਪ੍ਰੈਲ 2025 ਨੂੰ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਵਧੀਕ ਸੈਸ਼ਨ ਜੱਜ ਪ੍ਰਭਦੀਪ ਕੌਰ ਦੀ ਅਦਾਲਤ ਨੇ 18 ਸਤੰਬਰ 2026 ਨੂੰ ਮੁਲਜ਼ਮ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 64(2)(m), 351 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦੋਸ਼ੀ ਕਰਾਰ ਦਿੱਤਾ। 31 ਅਕਤੂਬਰ ਨੂੰ ਸੁਣਾਏ ਸਜ਼ਾ ਦੇ ਹੁਕਮਾਂ ਅਨੁਸਾਰ ਪੋਕਸੋ ਐਕਟ ਤਹਿਤ 20 ਸਾਲ ਦੀ ਸਖ਼ਤ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ, ਬੀਐੱਨਐੱਸ ਦੀ ਧਾਰਾ 64(2)(m) ਤਹਿਤ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 351 ਤਹਿਤ ਛੇ ਮਹੀਨੇ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਅਦਾਲਤ ਨੇ ਸਾਰੀਆਂ ਸਜ਼ਾਵਾਂ ਇਕੱਠੀਆਂ ਚਲਾਉਣ ਦੇ ਹੁਕਮ ਦਿੱਤੇ ਹਨ। ਇਸ ਤਰ੍ਹਾਂ ਮੁਲਜ਼ਮ ਨੂੰ ਕੁੱਲ 20 ਸਾਲ ਦੀ ਕੈਦ ਕੱਟਣੀ ਪਵੇਗੀ ਅਤੇ 1.10 ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ।