ਸੀਟੀਯੂ ਬੱਸ ਦੀ ਟੱਕਰ ਕਾਰਨ ਇਨਕਮ ਟੈਕਸ ਵਿਭਾਗ ਦੇ ਕਰਮਚਾਰੀ ਪ੍ਰਕਾਸ਼ ਚੰਦ ਦੀ ਮੌਤ ਦੇ ਮਾਮਲੇ ਵਿੱਚ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਉਨ੍ਹਾਂ ਦੇ ਪਰਿਵਾਰ ਨੂੰ 45.60 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਇਸ ਰਕਮ ’ਤੇ ਸਾਲਾਨਾ 7.5 ਫ਼ੀਸਦੀ ਵਿਆਜ ਵੀ ਦੇਣਾ ਪਵੇਗਾ। ਟ੍ਰਿਬਿਊਨਲ ਨੇ ਹਾਦਸੇ ਲਈ ਬੱਸ ਚਾਲਕ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਹਾਦਸਾ 13 ਦਸੰਬਰ 2023 ਨੂੰ ਵਾਪਰਿਆ ਸੀ। ਪਿੰਜੌਰ ਵਾਸੀ 45 ਸਾਲਾ ਪ੍ਰਕਾਸ਼ ਚੰਦ ਆਪਣੀ ਬਾਈਕ ’ਤੇ ਜਾ ਰਹੇ ਸਨ, ਜਦੋਂ ਸ਼ਾਮ ਕਰੀਬ 7:30 ਵਜੇ ਟੈਂਕ ਚੌਕ ਨੇੜੇ ਸੀਟੀਯੂ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਚੰਡੀਮੰਦਰ ਥਾਣੇ ਵਿੱਚ ਬੱਸ ਚਾਲਕ ਨਰਿੰਦਰ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ।
ਮ੍ਰਿਤਕ ਦੇ ਪਰਿਵਾਰ ਨੇ 75 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਪਟੀਸ਼ਨ ਮੁਤਾਬਕ ਪ੍ਰਕਾਸ਼ ਚੰਦ ਦੀ ਮਹੀਨਾਵਾਰ ਤਨਖ਼ਾਹ ਕਰੀਬ 26 ਹਜ਼ਾਰ ਰੁਪਏ ਸੀ ਅਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ’ਤੇ ਸੀ। ਸੁਣਵਾਈ ਦੌਰਾਨ ਬੱਸ ਚਾਲਕ ਨੇ ਹਾਦਸੇ ਤੋਂ ਇਨਕਾਰ ਕਰਦਿਆਂ ਉਸ ਨੂੰ ਸਾਜ਼ਿਸ਼ ਤਹਿਤ ਫਸਾਉਣ ਦਾ ਦੋਸ਼ ਲਾਇਆ, ਜਦਕਿ ਸੀਟੀਯੂ ਨੇ ਬਾਈਕ ਚਾਲਕ ਦੀ ਲਾਪਰਵਾਹੀ ਨੂੰ ਹਾਦਸੇ ਦਾ ਕਾਰਨ ਦੱਸਿਆ। ਬੀਮਾ ਕੰਪਨੀ ਨੇ ਵੀ ਵੈਧ ਡਰਾਈਵਿੰਗ ਲਾਇਸੈਂਸ ਨਾ ਹੋਣ ਸਮੇਤ ਕਈ ਦਲੀਲਾਂ ਦੇ ਕੇ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਚਸ਼ਮਦੀਦ ਗਵਾਹ ਬਾਬੂ ਰਾਮ ਦੀ ਗਵਾਹੀ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਟ੍ਰਿਬਿਊਨਲ ਨੇ ਇਨ੍ਹਾਂ ਦਲੀਲਾਂ ਨੂੰ ਰੱਦ ਕਰਦਿਆਂ ਬੱਸ ਚਾਲਕ ਦੀ ਲਾਪਰਵਾਹੀ ਮੰਨੀ ਅਤੇ ਪੀੜਤ ਪਰਿਵਾਰ ਦੇ ਹੱਕ ਵਿੱਚ ਮੁਆਵਜ਼ੇ ਦਾ ਫ਼ੈਸਲਾ ਸੁਣਾਇਆ।





