ਬੰਬੇ ਹਾਈ ਕੋਰਟ ਨੇ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਇੱਕ ਬਾਲਗ ਔਰਤ ਨੂੰ ਧਰਮ ਜਾਂ ਜਾਤ ਦੀ ਪਰਵਾਹ ਕੀਤੇ ਬਿਨਾਂ ਆਪਣਾ ਜੀਵਨ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਹੈ। ਅਦਾਲਤ ਨੇ ਇੱਕ 21 ਸਾਲਾ ਹਿੰਦੂ ਔਰਤ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਗੱਲ ਕਹੀ, ਜਿਸ ਨੇ ਮੁਸਲਿਮ ਨੌਜਵਾਨ ਨਾਲ ਵਿਆਹ ਤੋਂ ਬਾਅਦ ਪਰਿਵਾਰ ਵੱਲੋਂ ਧਮਕੀਆਂ ਮਿਲਣ ਦੇ ਦੋਸ਼ ਲਾਉਂਦਿਆਂ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ।
ਜਸਟਿਸ ਅਦਵੈਤ ਐੱਮ. ਸੇਠਨਾ ਅਤੇ ਜਸਟਿਸ ਰਣਜੀਤਸਿੰਘ ਰਾਜਾ ਭੋਂਸਲੇ ਦੇ ਬੈਂਚ ਅੱਗੇ ਪਟੀਸ਼ਨਕਰਤਾ ਨੇ ਦੱਸਿਆ ਕਿ ਉਹ ਪਿਛਲੇ ਚਾਰ-ਪੰਜ ਸਾਲਾਂ ਤੋਂ ਨੌਜਵਾਨ ਨਾਲ ਰਿਸ਼ਤੇ ਵਿੱਚ ਸੀ। ਦੋਵਾਂ ਨੇ 19 ਅਕਤੂਬਰ 2026 ਨੂੰ ਵਿਆਹ ਕਰਵਾਇਆ ਸੀ। ਔਰਤ ਦਾ ਦੋਸ਼ ਸੀ ਕਿ ਉਸ ਦੇ ਮਾਪੇ ਉਸ ਨੂੰ ਜ਼ਬਰਦਸਤੀ ਉੱਤਰ ਪ੍ਰਦੇਸ਼ ਲੈ ਗਏ ਸਨ ਅਤੇ ਧਾਰਾਵੀ ਪੁਲਿਸ ਨੇ ਸੁਰੱਖਿਆ ਸਬੰਧੀ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਹੀਂ ਕੀਤੀ।
ਔਰਤ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੰਵਿਧਾਨ ਦੀ ਧਾਰਾ 21 ਤਹਿਤ ਹਰ ਬਾਲਗ ਨੂੰ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨ ਦਾ ਅਧਿਕਾਰ ਹੈ। ਇਸ ਸਬੰਧ ਵਿੱਚ ਸੁਪਰੀਮ ਕੋਰਟ ਦੇ 2018 ਦੇ ਸ਼ਫ਼ੀਨ ਜਹਾਂ ਬਨਾਮ ਅਸ਼ੋਕਨ ਕੇ.ਐੱਮ. ਮਾਮਲੇ ਦਾ ਹਵਾਲਾ ਵੀ ਦਿੱਤਾ ਗਿਆ।
ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰਨੀ ਚਾਹੀਦੀ ਹੈ। ਹਾਲਾਂਕਿ, ਬੈਂਚ ਨੇ ਮਾਮਲੇ ਦੇ ਹੋਰ ਦੋਸ਼ਾਂ ’ਤੇ ਕੋਈ ਵਿਸ਼ੇਸ਼ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ।





