ਪੰਜਾਬ ਦੇ 15 ਤੋਂ 30 ਸਾਲ ਤੱਕ ਦੇ ਨੌਜਵਾਨਾਂ ਨੂੰ ਹੁਣ ਇੱਕ ਕਰੋੜ ਰੁਪਏ ਜਿੱਤਣ ਦਾ ਮੌਕਾ ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਦਾ ਪੋਰਟਲ ਲਾਂਚ ਕੀਤਾ। ਇਹ ਮੁਕਾਬਲਾ ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੀ ਤਰਜ਼ ’ਤੇ ਕਰਵਾਇਆ ਜਾਵੇਗਾ, ਜਿਸ ਵਿੱਚ ਨੌਜਵਾਨਾਂ ਨੂੰ ਆਨਲਾਈਨ ਅਤੇ ਆਫਲਾਈਨ ਸਵਾਲਾਂ ਦੇ ਜਵਾਬ ਦੇਣੇ ਪੈਣਗੇ।
ਮੁਕਾਬਲੇ ਵਿੱਚ ਕੁੱਲ 11 ਰਾਊਂਡ ਹੋਣਗੇ। ਪਹਿਲੇ 9 ਰਾਊਂਡ ਆਨਲਾਈਨ ਹੋਣਗੇ, ਜਦਕਿ ਦਸਵਾਂ ਰਾਊਂਡ ਜ਼ਿਲ੍ਹਾ ਪੱਧਰ ’ਤੇ ਅਤੇ ਗਿਆਰ੍ਹਵਾਂ ਰਾਊਂਡ ਗ੍ਰੈਂਡ ਫਿਨਾਲੇ ਵਜੋਂ ਕਰਵਾਇਆ ਜਾਵੇਗਾ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚੋਂ ਚੋਟੀ ਦੇ ਪ੍ਰਤੀਭਾਗੀ ਫਾਈਨਲ ਵਿੱਚ ਪਹੁੰਚਣਗੇ।
ਮੁਕਾਬਲੇ ਦੇ ਜੇਤੂ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਮਿਲੇਗਾ, ਜਦਕਿ ਚਾਰ ਉਪ ਜੇਤੂਆਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਚੋਟੀ ਦੀ ਰੈਂਕ ਹਾਸਲ ਕਰਨ ਵਾਲੇ 10 ਹਜ਼ਾਰ ਪ੍ਰਤੀਭਾਗੀਆਂ ਨੂੰ ਵੀ ਇਨਾਮ ਦਿੱਤੇ ਜਾਣਗੇ।
ਮੁਕਾਬਲੇ ਲਈ ਲਗਭਗ 50 ਹਜ਼ਾਰ ਸਵਾਲਾਂ ਦਾ ਪ੍ਰਸ਼ਨ ਬੈਂਕ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੰਜਾਬ ਦਾ ਇਤਿਹਾਸ, ਸੱਭਿਆਚਾਰ, ਵਿਰਾਸਤ, ਗਣਿਤ, ਭੂਗੋਲ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਵਿਸ਼ੇ ਸ਼ਾਮਲ ਹਨ। ਇਸ ਦੇ ਨਾਲ ਹੀ ਪਟਵਾਰੀ, ਪੁਲਿਸ ਕਾਂਸਟੇਬਲ, PCS ਅਤੇ SDO ਵਰਗੀਆਂ ਸਰਕਾਰੀ ਭਰਤੀ ਪ੍ਰੀਖਿਆਵਾਂ ਨਾਲ ਸਬੰਧਤ ਸਵਾਲ ਵੀ ਪੁੱਛੇ ਜਾਣਗੇ।
ਪੋਰਟਲ ਲਾਂਚ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਰਾਹੀਂ ਨੌਜਵਾਨ ਆਪਣਾ ਗਿਆਨ ਵਧਾਉਣ ਦੇ ਨਾਲ-ਨਾਲ ਇਨਾਮ ਵੀ ਜਿੱਤ ਸਕਣਗੇ।





