ਉੱਤਰਾਖੰਡ ਦੇ ਜਵਾਲਾਪੁਰ ਸਥਿਤ ਸੁਭਾਸ਼ਨਗਰ ਵਿੱਚ ਮਾਮੂਲੀ ਵਿਵਾਦ ਕਾਰਨ ਇੱਕ ਪ੍ਰਾਪਰਟੀ ਡੀਲਰ ਵੱਲੋਂ ਆਪਣੇ ਸਾਬਕਾ ਮੁਲਾਜ਼ਮ ਦੇ ਘਰ ਪਹੁੰਚ ਕੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁੱਖ ਮੁਲਜ਼ਮ ਗੁੱਡੂ ਚੌਧਰੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਹਥਿਆਰ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਬਰਾਮਦ ਕੀਤੇ ਹਨ। ਚਾਰਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੁਲਿਸ ਅਨੁਸਾਰ, ਸੁਭਾਸ਼ਨਗਰ ਵਾਸੀ ਨਿਸ਼ਾਂਤ ਯਾਦਵ ਪਹਿਲਾਂ ਗੁੱਡੂ ਚੌਧਰੀ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ। ਦੋਵਾਂ ਵਿਚਕਾਰ ਵਿਵਾਦ ਹੋਣ ਤੋਂ ਬਾਅਦ ਗੁੱਡੂ ਆਪਣੇ ਸਾਥੀਆਂ ਨਾਲ ਦੋ ਲਗਜ਼ਰੀ ਗੱਡੀਆਂ ਵਿੱਚ ਨਿਸ਼ਾਂਤ ਦੇ ਘਰ ਪਹੁੰਚਿਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਥਿਆਰਾਂ ਅਤੇ ਕਾਰਤੂਸਾਂ ਸਮੇਤ ਚਾਰ ਗ੍ਰਿਫ਼ਤਾਰ
ਸ਼ਿਕਾਇਤ ਦੇ ਆਧਾਰ ’ਤੇ ਕੋਤਵਾਲੀ ਜਵਾਲਾਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ। ਐੱਸਐੱਸਪੀ ਨਵਨੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਅਤੇ ਛਾਪੇਮਾਰੀ ਸ਼ੁਰੂ ਕੀਤੀ। ਬੁੱਗਾਵਾਲਾ ਇਲਾਕੇ ਵਿੱਚ ਕਾਰਵਾਈ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੁਲਜ਼ਮਾਂ ਦੀ ਪਛਾਣ ਗੁੱਡੂ ਚੌਧਰੀ, ਮਨੋਜ ਕੁਮਾਰ, ਸੋਨੂੰ ਉਰਫ਼ ਹਰੇਂਦਰ ਚੌਧਰੀ ਅਤੇ ਸੰਦੀਪ ਉਰਫ਼ ਮੋਨੂੰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 315 ਬੋਰ ਦੀ ਰਾਈਫਲ, 12 ਬੋਰ ਦੀ ਪੰਪ ਐਕਸ਼ਨ ਗਨ, 32 ਬੋਰ ਦਾ ਦੇਸੀ ਪਿਸਤੌਲ, ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ।
ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਗੁੱਡੂ
ਪੁਲਿਸ ਜਾਂਚ ਮੁਤਾਬਕ, ਜ਼ਮੀਨਾਂ ਦੇ ਕਾਰੋਬਾਰ ਨੂੰ ਲੈ ਕੇ ਗੁੱਡੂ ਚੌਧਰੀ ਖ਼ਿਲਾਫ਼ ਰਾਣੀਪੁਰ ਅਤੇ ਸਿਡਕੁਲ ਸਮੇਤ ਵੱਖ-ਵੱਖ ਥਾਵਾਂ ’ਤੇ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।





