ਬਦਲਦੇ ਸਮੇਂ ਦੇ ਨਾਲ ਵਿਆਹ ਕਰਨ ਦੇ ਤਰੀਕੇ ਵੀ ਬਦਲ ਰਹੇ ਹਨ। ਹੁਣ ਰਵਾਇਤੀ ਵਿਆਹ ਅਤੇ ਕੋਰਟ ਮੈਰਿਜ ਤੋਂ ਇਲਾਵਾ Self Respect Wedding ਵੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਸੰਗੀਤਕਾਰ ਅਨਿਰੁੱਧ ਰਵੀਚੰਦਰ ਅਤੇ ਕਾਰੋਬਾਰੀ ਕਾਵਿਆ ਮਾਰਨ ਦੇ ਇਸ ਤਰੀਕੇ ਨਾਲ ਵਿਆਹ ਕਰਨ ਦੀ ਖ਼ਬਰ ਤੋਂ ਬਾਅਦ ਇਹ ਰੁਝਾਨ ਮੁੜ ਸੁਰਖ਼ੀਆਂ ਵਿੱਚ ਆਇਆ ਹੈ।
Self Respect Wedding ਦੀ ਸ਼ੁਰੂਆਤ 1925 ਵਿੱਚ ਤਾਮਿਲਨਾਡੂ ਵਿੱਚ ਸਮਾਜ ਸੁਧਾਰਕ ਈ.ਵੀ. ਰਾਮਾਸਾਮੀ 'ਪੇਰੀਆਰ' ਦੇ ਸਵੈ-ਮਾਣ ਅੰਦੋਲਨ ਨਾਲ ਹੋਈ ਸੀ। ਇਸ ਨੂੰ ਤਾਮਿਲ ਭਾਸ਼ਾ ਵਿੱਚ 'ਸੁਯਮਰਿਆਦਈ ਤਿਰੁਮਨਮ' ਕਿਹਾ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਜਾਤੀ ਭੇਦਭਾਵ ਅਤੇ ਮਰਦ ਪ੍ਰਧਾਨ ਸਮਾਜਿਕ ਵਿਵਸਥਾ ਨੂੰ ਚੁਣੌਤੀ ਦੇਣਾ ਅਤੇ ਵਿਆਹ ਵਿੱਚ ਔਰਤ-ਮਰਦ ਦੀ ਬਰਾਬਰੀ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਵਿਆਹ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਪੰਡਿਤ, ਧਾਰਮਿਕ ਮੰਤਰਾਂ ਜਾਂ ਰਵਾਇਤੀ ਰਸਮਾਂ ਦੀ ਲਾਜ਼ਮੀ ਸ਼ਰਤ ਨਹੀਂ ਹੁੰਦੀ। ਜੋੜਾ ਆਪਣੀ ਸਹਿਮਤੀ ਨਾਲ ਇੱਕ-ਦੂਜੇ ਨੂੰ ਹਾਰ, ਚੇਨ ਜਾਂ ਅੰਗੂਠੀ ਪਹਿਨਾ ਕੇ ਵਿਆਹ ਕਰ ਸਕਦਾ ਹੈ। ਇਸ ਦੌਰਾਨ ਗਵਾਹਾਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਵਿਆਹ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਇਸ ਦਾ ਮੁੱਖ ਆਧਾਰ ਆਪਸੀ ਸਹਿਮਤੀ, ਬਰਾਬਰੀ ਅਤੇ ਸਨਮਾਨ ਹੈ।
Self Respect Wedding ਨੂੰ ਤਾਮਿਲਨਾਡੂ ਵਿੱਚ ਹਿੰਦੂ ਵਿਆਹ ਐਕਟ, 1955 ਦੀ ਧਾਰਾ 7-A ਤਹਿਤ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਪੁਡੂਚੇਰੀ ਵਿੱਚ ਵੀ ਇਹ ਵਿਵਸਥਾ ਲਾਗੂ ਹੈ। ਇਸ ਤਰ੍ਹਾਂ ਇਹ ਵਿਆਹ ਸਿਰਫ਼ ਇੱਕ ਸਮਾਜਿਕ ਰੁਝਾਨ ਨਹੀਂ, ਸਗੋਂ ਕਾਨੂੰਨੀ ਆਧਾਰ ਵੀ ਰੱਖਦਾ ਹੈ।





