ਭਾਰਤੀ ਟੈਨਿਸ ਸਨਸਨੀ ਸੁਮਿਤ ਨਾਗਲ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਸੁਮਿਤ ਨੇ ਭਾਰਤੀ ਖੇਡ ਅਥਾਰਟੀ (SAI) ਤੇ TOPS (ਟਾਰਗੇਟ ਓਲੰਪਿਕ ਪੋਡੀਅਮ ਸਕੀਮ) ਦਾ ਵੀ ਧੰਨਵਾਦ ਕੀਤਾ।ਹਰਿਆਣਾ ਦੇ ਜੈਤਪੁਰ 'ਚ ਜਨਮੇ ਨਾਗਲ 2015 ਤੋਂ ਪੇਸ਼ੇਵਰ ਟੈਨਿਸ ਖੇਡ ਰਹੇ ਹਨ। ਉਨ੍ਹਾਂ ਆਪਣੇ ਪੇਸ਼ੇਵਰ ਕਰੀਅਰ ਦੇ ਪਹਿਲੇ ਕੁਝ ਸਾਲ ਸਖ਼ਤ ਮਿਹਨਤ 'ਚ ਬਿਤਾਏ ਅਤੇ ਹੁਣ ਉਸ ਮਿਹਨਤ ਦਾ ਫਲ ਪ੍ਰਾਪਤ ਕਰ ਰਹੇ ਹਨ। ਨਾਗਲ ਨੇ ਐਕਸ 'ਤੇ ਲਿਖਿਆ, ਮੈਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਮੈਂ ਅਧਿਕਾਰਤ ਤੌਰ 'ਤੇ 2024 ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਇਹ ਮੇਰੇ ਲਈ ਯਾਦਗਾਰ ਪਲ ਹੈ, ਕਿਉਂਕਿ ਓਲੰਪਿਕ ਮੇਰੇ ਦਿਲ 'ਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ! ਮੇਰੇ ਕਰੀਅਰ ਦੀ ਹੁਣ ਤਕ ਦੀ ਸਭ ਤੋਂ ਯਾਦਗਾਰ ਪ੍ਰਾਪਤੀ 2020 ਟੋਕੀਓ ਓਲੰਪਿਕ 'ਚ ਹਿੱਸਾ ਲੈਣਾ ਸੀ।
ਧਿਆਨ ਦੇਣ ਯੋਗ ਹੈ ਕਿ ਸੁਮਿਤ ਨਾਗਲ ਤਿੰਨ ਸਾਲਾਂ ਬਾਅਦ ਗ੍ਰੈਂਡ ਸਲੈਮ ਸਿੰਗਲਜ਼ ਦੇ ਮੁੱਖ ਡਰਾਅ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਬਣੇ ਸਨ ਜਦੋਂ ਉਨ੍ਹਾਂ ਆਸਟ੍ਰੇਲੀਅਨ ਓਪਨ ਲਈ ਕੁਆਲੀਫਾਈ ਕਰਨ ਦੇ ਅੰਤਿਮ ਦੌਰ 'ਚ ਸਲੋਵਾਕੀਆ ਦੇ ਐਲੇਕਸ ਮੋਲਕਨ ਨੂੰ ਸਿੱਧੇ ਸੈੱਟਾਂ 'ਚ ਹਰਾਇਆ। ਉਨ੍ਹਾਂ ਆਸਟ੍ਰੇਲੀਅਨ ਓਪਨ 'ਚ 31ਵਾਂ ਦਰਜਾ ਪ੍ਰਾਪਤ ਅਲੈਗਜ਼ੈਂਡਰ ਬੁਬਲਿਕ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਟੂਰਨਾਮੈਂਟ ਦੇ ਦੂਜੇ ਦੌਰ 'ਚ ਪਹੁੰਚਿਆ। ਬੁਬਲਿਕ 'ਤੇ ਨਾਗਲ ਦੀ ਜਿੱਤ ਇਤਿਹਾਸਕ ਸੀ ਕਿਉਂਕਿ 1989 ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਕਿਸੇ ਭਾਰਤੀ ਪੁਰਸ਼ ਖਿਡਾਰੀ ਨੇ ਕਿਸੇ ਵੱਡੇ ਟੂਰਨਾਮੈਂਟ 'ਚ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ ਹੋਵੇ।





