ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਜਾਂਦੀ ਹੈ। ਕੈਨੇਡਾ ਤੋਂ ਅਜਿਹੀਆਂ ਖਬਰਾਂ ਜ਼ਿਆਦਾ ਆ ਰਹੀਆਂ ਹਨ। ਕੈਨੇਡਾ ਦੀ ਧਰਤੀ ਤੇ ਕਰੀਬ ਤਿੰਨ ਮਹੀਨੇ ਪਹਿਲਾਂ ਗਏ 20 ਸਾਲਾ ਨੌਜਵਾਨ ਦੀ ਸਾਥੀ ਸਮੇਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਸਰਪੰਚ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਸੋਈ (ਮਾਲੇਰਕੋਟਲਾ) ਦੇ ਵਾਸੀ ਈਸ਼ਵਰਪਾਲ ਸਿੰਘ ਦੇ ਨਾਲ ਉਸ ਦਾ ਇਕ ਦੋਸਤ ਸੀ ਜੋ ਕਿ ਡਾਂਗੋ ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸੀ। ਦੋਵਾਂ ਦੀ ਮੌਤ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਹੋਈ ਹੈ। ਈਸ਼ਵਰਪਾਲ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਵਿਚ ਪੜ੍ਹਾਈ ਕਰਦਾ ਸੀ ਤੇ ਸਾਥੀ ਨਾਲ ਸਰੀ ਵਿਚ ਕਿਸੇ ਪਾਰਟੀ ਵਿਚ ਸ਼ਮੂਲੀਅਤ ਕਰਨ ਗਿਆ , ਦੇਰ ਰਾਤ ਵਾਪਸ ਆ ਕੇ ਇਹ ਦੋਵੇਂ ਨੌਜਵਾਨ ਘਰ ਸੌ ਗਏ, ਜਦੋਂ ਸਵੇਰੇ ਕੋਈ ਹਿੱਲ-ਜੁਲ ਨਾ ਹੋਈ ਤਾਂ ਮਕਾਨ ਮਾਲਕ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਈਸ਼ਵਰਪਾਲ ਦੇ ਮਾਪਿਆਂ ਨੂੰ ਸ਼ੱਕ ਹੈ ਕਿ ਦੋਵਾਂ ਨੌਜਵਾਨਾਂ ਦੀ ਇਸ ਤਰ੍ਹਾਂ ਦੀ ਮੌਤ ਕਿਸੇ ਸਾਜਿਸ਼ ਦਾ ਹਿੱਸਾ ਹੋ ਸਕਦੀ ਹੈ। ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਵਤਨ ਲਿਆਉਣ ਲਈ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨਾਲ ਸੰਪਰਕ ਸਾਧਿਆ ਹੈ।