ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਰਾਜਸਥਾਨ ਰਾਇਲਜ਼ ਦੇ ਮੁੱਖ ਕੋਚ ਕੁਮਾਰ ਸੰਗਕਾਰਾ ਨੇ ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਰਾਇਨਏਅਰ ਏਅਰਲਾਈਨ ਦੇ ਇੱਕ ਕਰਮਚਾਰੀ ’ਤੇ ਆਪਣੇ ਅਤੇ ਪਰਿਵਾਰ ਨਾਲ ਬਦਸਲੂਕੀ ਕਰਨ, ਧਮਕੀਆਂ ਦੇਣ ਅਤੇ ਵਿਤਕਰਾ ਕਰਨ ਦੇ ਦੋਸ਼ ਲਾਏ ਹਨ। ਸੰਗਕਾਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਇਸ ਵਿਹਾਰ ਨੂੰ ਅਸਵੀਕਾਰਨਯੋਗ ਦੱਸਿਆ।
ਸੰਗਕਾਰਾ ਨੇ ਆਪਣੀ ਪੋਸਟ ਵਿੱਚ ਸਵਾਲ ਉਠਾਇਆ ਕਿ ਕੀ ਡਬਲਿਨ ਵਿੱਚ ਹੋਰ ਯਾਤਰੀਆਂ ਨੂੰ ਵੀ ਰਾਇਨਏਅਰ ਦੇ ਕਰਮਚਾਰੀਆਂ ਵੱਲੋਂ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀ ਦਾ ਗੱਲ ਕਰਨ ਅਤੇ ਮਾਮਲੇ ਨੂੰ ਸੰਭਾਲਣ ਦਾ ਤਰੀਕਾ ਹੈਰਾਨ ਕਰਨ ਵਾਲਾ ਸੀ ਅਤੇ ਡਬਲਿਨ ਵਿੱਚ ਇਹ ਉਨ੍ਹਾਂ ਦਾ ਪਹਿਲਾ ਮਾੜਾ ਤਜਰਬਾ ਸੀ।
ਸੰਗਕਾਰਾ ਨੂੰ ਰਾਜਸਥਾਨ ਰਾਇਲਜ਼ ਨੇ IPL 2026 ਲਈ ਮੁੱਖ ਕੋਚ ਦੀ ਜ਼ਿੰਮੇਵਾਰੀ ਮੁੜ ਸੌਂਪੀ ਸੀ। ਉਹ ਪਹਿਲਾਂ 2021 ਤੋਂ 2024 ਤੱਕ ਵੀ ਟੀਮ ਦੇ ਮੁੱਖ ਕੋਚ ਰਹਿ ਚੁੱਕੇ ਹਨ। 2025 ਵਿੱਚ ਉਨ੍ਹਾਂ ਦੀ ਥਾਂ ਰਾਹੁਲ ਦ੍ਰਾਵਿੜ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ, ਜਦਕਿ ਸੰਗਕਾਰਾ ਨੇ ਕ੍ਰਿਕਟ ਡਾਇਰੈਕਟਰ ਵਜੋਂ ਕੰਮ ਕੀਤਾ ਸੀ।





