ਦੀਵਾਲੀ ਤੋਂ ਪਹਿਲਾਂ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਰਸੋਈ ਬਜਟ ਵਿਗਾੜ ਦਿੱਤਾ ਹੈ। ਲਸਣ 350 ਰੁਪਏ, ਮਟਰ 200 ਰੁਪਏ, ਨਿੰਬੂ 220 ਰੁਪਏ, ਹਰੀ ਮਿਰਚ 120 ਰੁਪਏ ਅਤੇ ਪਿਆਜ਼ 100 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੇ ਹਨ। ਖਰੀਦਦਾਰਾਂ ਮੁਤਾਬਕ, ਪਿਛਲੇ ਮਹੀਨੇ ਦੇ ਮੁਕਾਬਲੇ ਕਈ ਸਬਜ਼ੀਆਂ ਦੇ ਭਾਅ ਡੇਢ ਤੋਂ ਦੋ ਗੁਣਾ ਤੱਕ ਵਧ ਗਏ ਹਨ।
ਸਬਜ਼ੀ ਵਿਕਰੇਤਾਵਾਂ ਅਨੁਸਾਰ, ਮੰਗ ਅਤੇ ਸਪਲਾਈ ਵਿੱਚ ਬਦਲਾਅ ਕਾਰਨ ਕੀਮਤਾਂ ਵਿੱਚ ਵਾਧਾ ਹੋਇਆ ਹੈ। ਮੰਡੀ ਦੇ ਮੁਕਾਬਲੇ ਸਥਾਨਕ ਦੁਕਾਨਾਂ ’ਤੇ ਵੱਧ ਭਾਅ ਵਸੂਲਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਪੀਰ ਵਾਲੀ ਢਾਣੀ ਦੇ ਵਸਨੀਕ ਰਾਜੇਸ਼ ਨੇ ਕਿਹਾ ਕਿ ਆਮਦਨ ਵਿੱਚ ਵਾਧਾ ਨਾ ਹੋਣ ਦੇ ਬਾਵਜੂਦ ਘਰੇਲੂ ਖਰਚ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਕੀਮਤਾਂ ’ਤੇ ਨਿਗਰਾਨੀ ਰੱਖਣ ਦੀ ਮੰਗ ਕੀਤੀ।
ਸਬਜ਼ੀ ਮੰਡੀ ਵਿੱਚ ਖਰੀਦਦਾਰੀ ਕਰਨ ਆਈਆਂ ਸੰਤੋਸ਼, ਸਰਿਤਾ ਅਤੇ ਆਸ਼ਾ ਨੇ ਵੀ ਮਹਿੰਗਾਈ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਵਧੀਆਂ ਕੀਮਤਾਂ ਕਾਰਨ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨਾ ਮੁਸ਼ਕਲ ਹੋ ਰਿਹਾ ਹੈ। ਖਰੀਦਦਾਰਾਂ ਨੇ ਸਬਜ਼ੀਆਂ ਦੇ ਭਾਅ ਕਾਬੂ ਹੇਠ ਰੱਖਣ ਲਈ ਪ੍ਰਸ਼ਾਸਨ ਤੋਂ ਦਖ਼ਲ ਦੀ ਮੰਗ ਕੀਤੀ ਹੈ।





