ਹੈਦਰਾਬਾਦ ਦੇ ਉੱਪਲ ਇਲਾਕੇ ਵਿੱਚ ਬੰਦ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਦੇ ਦੋਸ਼ ਹੇਠ ਪੁਲਿਸ ਨੇ 25 ਸਾਲਾ ਪਾਗਾ ਜਯਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਪਲ ਪੁਲਿਸ ਅਤੇ ਸੈਂਟਰਲ ਕ੍ਰਾਈਮ ਸਟੇਸ਼ਨ ਦੀ ਸਾਂਝੀ ਟੀਮ ਨੇ ਮੁਲਜ਼ਮ ਕੋਲੋਂ ਸੋਨੇ-ਚਾਂਦੀ ਦੇ ਗਹਿਣੇ, ਨਕਦੀ ਅਤੇ ਇੱਕ ਆਈਫੋਨ 17 ਸਮੇਤ ਕਰੀਬ 70 ਲੱਖ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ।

ਪੁਲਿਸ ਨੇ ਉਸ ਨੂੰ 31 ਅਕਤੂਬਰ ਦੀ ਸਵੇਰ ਉੱਪਲ ਐਕਸ ਰੋਡਜ਼ ਨੇੜੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ। ਜਾਂਚ ਮੁਤਾਬਕ, ਮੁਲਜ਼ਮ ਨੇ ਉੱਪਲ ਸਮੇਤ ਵੱਖ-ਵੱਖ ਥਾਣਾ ਖੇਤਰਾਂ ਵਿੱਚ ਦਰਜ ਪੰਜ ਚੋਰੀ ਦੇ ਮਾਮਲਿਆਂ ਵਿੱਚ ਆਪਣੀ ਸ਼ਮੂਲੀਅਤ ਕਬੂਲੀ ਹੈ।

ਮਾਮਲਾ 27 ਅਕਤੂਬਰ ਨੂੰ ਉਸ ਸਮੇਂ ਸਾਹਮਣੇ ਆਇਆ, ਜਦੋਂ ਨਿਊ ਭਾਰਤ ਨਗਰ ਦੇ ਰਹਿਣ ਵਾਲੇ ਗੰਗਮ ਭਾਸਕਰ ਰੈੱਡੀ ਨੇ ਘਰ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ। ਉਹ 26 ਅਕਤੂਬਰ ਨੂੰ ਪਰਿਵਾਰ ਸਮੇਤ ਕੋਮੁਰਵੇੱਲੀ ਮੰਦਰ ਗਏ ਹੋਏ ਸਨ। ਵਾਪਸ ਆਉਣ ’ਤੇ ਘਰ ਦੇ ਤਾਲੇ ਅਤੇ ਅਲਮਾਰੀਆਂ ਟੁੱਟੀਆਂ ਮਿਲੀਆਂ। ਉੱਥੋਂ ਕਰੀਬ 48 ਤੋਲੇ ਸੋਨਾ, 1.5 ਕਿਲੋਗ੍ਰਾਮ ਚਾਂਦੀ ਅਤੇ 2 ਲੱਖ ਰੁਪਏ ਨਕਦ ਚੋਰੀ ਹੋਏ ਸਨ।

ਪੁਲਿਸ ਅਨੁਸਾਰ, ਮੁਲਜ਼ਮ ਘਰਾਂ ਦੀ ਰੇਕੀ ਕਰਦੀ ਸੀ ਅਤੇ ਮਾਲਕਾਂ ਦੀ ਗੈਰ-ਮੌਜੂਦਗੀ ਵਿੱਚ ਚੋਰੀ ਨੂੰ ਅੰਜਾਮ ਦਿੰਦੀ ਸੀ। ਪਛਾਣ ਲੁਕਾਉਣ ਲਈ ਉਹ ਬੁਰਕਾ ਪਹਿਨਦੀ ਅਤੇ ਤਾਲੇ ਤੇ ਅਲਮਾਰੀਆਂ ਤੋੜਨ ਲਈ ਹੈਂਡ-ਕਟਰ ਮਸ਼ੀਨ ਦੀ ਵਰਤੋਂ ਕਰਦੀ ਸੀ। ਚੋਰੀ ਕੀਤੇ ਕੁਝ ਗਹਿਣੇ ਵੇਚਣ ਜਾਂ ਗਿਰਵੀ ਰੱਖਣ ਤੋਂ ਮਿਲੀ ਰਕਮ ਉਹ ਨਿੱਜੀ ਖ਼ਰਚਿਆਂ ਲਈ ਵਰਤਦੀ ਸੀ।

ਪੁਲਿਸ ਮੁਤਾਬਕ, ਪਾਗਾ ਜਯਾ ਮੂਲ ਰੂਪ ਵਿੱਚ ਭਦ੍ਰਾਦ੍ਰੀ ਕੋਠਾਗੁਡੇਮ ਜ਼ਿਲ੍ਹੇ ਦੇ ਪਾਲਵਾਂਚਾ ਦੀ ਰਹਿਣ ਵਾਲੀ ਹੈ। ਉਸ ਨੇ ਆਰਥਿਕ ਤੰਗੀ ਕਾਰਨ ਬੀ.ਟੈਕ. ਦੀ ਪੜ੍ਹਾਈ ਵਿਚਾਲੇ ਛੱਡ ਦਿੱਤੀ ਸੀ ਅਤੇ 2023 ਵਿੱਚ ਹੈਦਰਾਬਾਦ ਆ ਗਈ ਸੀ। ਪੁਲਿਸ ਨੇ ਦੱਸਿਆ ਕਿ ਉਸ ਨੇ ਆਨਲਾਈਨ ਤਰੀਕਿਆਂ ਰਾਹੀਂ ਘਰਾਂ ਵਿੱਚ ਸੰਨ੍ਹ ਲਗਾਉਣ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਇਸ ਮਾਮਲੇ ਦਾ ਖ਼ੁਲਾਸਾ ਮਲਕਾਜਗਿਰੀ ਪੁਲਿਸ ਕਮਿਸ਼ਨਰ ਬੀ. ਸੁਮਤੀ ਦੀ ਨਿਗਰਾਨੀ ਹੇਠ ਕੀਤਾ ਗਿਆ।