ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ ਪਰਿਵਾਰ ਅਤੇ ਇਨਸਾਫ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਿਆ ਗਿਆ ਹੈ। 14 ਦਿਨ ਬੀਤਣ ਦੇ ਬਾਵਜੂਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਅਤੇ ਸਸਕਾਰ ਨਹੀਂ ਹੋ ਸਕਿਆ। ਦੇਹ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਹੋਈ ਹੈ, ਜਦਕਿ ਨੌਜਵਾਨ ਮੋਰਚਰੀ ਦੇ ਬਾਹਰ ਪਹਿਰਾ ਦੇ ਰਹੇ ਹਨ। ਦੂਜੇ ਪਾਸੇ, ਮਾਨਸਾ ਤਿੰਨਕੋਣੀ ਅਤੇ ਡੀਸੀ ਰਿਹਾਇਸ਼ ਨੇੜੇ ਬਰਨਾਲਾ-ਸਿਰਸਾ ਨੈਸ਼ਨਲ ਹਾਈਵੇ ’ਤੇ ਧਰਨਾ ਲਗਾਤਾਰ ਜਾਰੀ ਹੈ।

ਪਰਿਵਾਰ ਅਤੇ ਇਨਸਾਫ਼ ਕਮੇਟੀ ਦੀ ਪ੍ਰਸ਼ਾਸਨ ਨਾਲ ਤਿੰਨ ਦੇ ਕਰੀਬ ਮੀਟਿੰਗਾਂ ਹੋਣ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਪ੍ਰਸ਼ਾਸਨ ਨੇ ਕਰੀਬ 12 ਮੰਗਾਂ ਮੰਨਣ ਦਾ ਦਾਅਵਾ ਕੀਤਾ ਸੀ, ਪਰ ਕਮੇਟੀ ਨੇ ਇਸ ’ਤੇ ਸਹਿਮਤੀ ਨਹੀਂ ਜਤਾਈ। ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਗੋਲੀ ਮਾਰ ਕੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰ ਦਿੱਤੀ ਗਈ ਸੀ। ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਤੋਂ ਬਾਅਦ ਜਾਂਚ ਸ਼ੁਰੂ ਹੋ ਚੁੱਕੀ ਹੈ। ਇਸ ਦੇ ਬਾਵਜੂਦ ਪਰਿਵਾਰ ਅਤੇ ਇਨਸਾਫ਼ ਕਮੇਟੀ ਨੇ ਮੰਗਾਂ ਪੂਰੀਆਂ ਹੋਣ ਤੱਕ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਧਰਨੇ ਵਾਲੀਆਂ ਥਾਵਾਂ ’ਤੇ ਦੂਰ-ਦੁਰਾਡੇ ਤੋਂ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਵੀ ਜਾਰੀ ਹੈ।