ਦੁੱਗਰੀ ਫੇਜ਼-2 ਦੇ ਅਰਬਨ ਅਸਟੇਟ ਇਲਾਕੇ ਵਿੱਚ ਚੋਰਾਂ ਨੇ ਇੱਕ ਸਰਕਾਰੀ ਅਧਿਆਪਕਾ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ ਦੇ ਗਹਿਣੇ, ਚਾਂਦੀ ਦੇ ਸਿੱਕੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਸਮੇਂ ਅਧਿਆਪਕਾ ਆਪਣੇ ਸਾਫਟਵੇਅਰ ਇੰਜੀਨੀਅਰ ਪੁੱਤਰ ਨਾਲ ਚੰਡੀਗੜ੍ਹ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਈ ਹੋਈ ਸੀ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਸੀਮਾ ਮਿੱਤਲ ਅਨੁਸਾਰ, ਉਹ 24 ਅਕਤੂਬਰ ਨੂੰ ਆਪਣੇ ਪੁੱਤਰ ਨਾਲ ਘਰੋਂ ਬਾਹਰ ਗਈ ਸੀ। ਵਾਪਸ ਆਉਣ ’ਤੇ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਘਰ ਵਿੱਚੋਂ ਸੋਨੇ ਦਾ ਸੈੱਟ, ਸੋਨੇ ਦੀ ਚੇਨ ਤੇ ਲਾਕੇਟ, ਸੋਨੇ ਦਾ ਬ੍ਰੈਸਲੈੱਟ, 10 ਤੋਂ 15 ਚਾਂਦੀ ਦੇ ਸਿੱਕੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ।

ਪਰਿਵਾਰ ਵੱਲੋਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚਣ ’ਤੇ ਦੋ ਸ਼ੱਕੀ ਵਿਅਕਤੀ ਰਾਤ ਕਰੀਬ 3 ਵਜੇ ਗੇਟ ਟੱਪ ਕੇ ਅੰਦਰ ਦਾਖ਼ਲ ਹੁੰਦੇ ਦਿਖਾਈ ਦਿੱਤੇ। ਮੁਲਜ਼ਮਾਂ ਨੇ ਰਸੋਈ ਦੀ ਗਰਿੱਲ ਤੋੜ ਕੇ ਘਰ ਵਿੱਚ ਦਾਖ਼ਲ ਹੋਣ ਮਗਰੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਥਾਣਾ ਦੁੱਗਰੀ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 305, 331(4) ਅਤੇ 3(5) ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਅਮਲੋਕ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।