ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਪੁਰਾਣੇ ਪਰਿਵਾਰਕ ਟਿਕਾਣੇ ਅਤੇ ਗਿਰੋਹ ਦੇ ਅੱਡੇ ਵਜੋਂ ਜਾਣੀ ਜਾਂਦੀ ਮੁੰਬਈ ਦੇ ਭਿੰਡੀ ਬਾਜ਼ਾਰ ਸਥਿਤ 'ਹਾਜੀ ਇਸਮਾਈਲ ਹਬੀਬ ਮੁਸਾਫਿਰਖਾਨਾ' ਦੇ ਬਚੇ ਹੋਏ ਹਿੱਸਿਆਂ ਨੂੰ ਢਾਹੁਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ 16 ਨਵੰਬਰ ਨੂੰ ਨਵਾਂ ਨੋਟਿਸ ਜਾਰੀ ਕਰਦਿਆਂ ਇਮਾਰਤ ਦੇ ਗਰਾਊਂਡ ਫਲੋਰ ’ਤੇ ਸਥਿਤ ਪ੍ਰਾਰਥਨਾ ਸਥਾਨ ਦੀ ਵਰਤੋਂ ਕਰਨ ਵਾਲਿਆਂ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ ਹੈ। ਹਾਲਾਂਕਿ, ਇਸ ਕਾਰਵਾਈ ਦਾ ਸਥਾਨਕ ਵਸਨੀਕਾਂ, ਕਾਂਗਰਸ ਅਤੇ AIMIM ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

AIMIM ਆਗੂ ਵਾਰਿਸ ਪਠਾਨ ਨੇ ਦਾਅਵਾ ਕੀਤਾ ਕਿ ਇਹ 140 ਸਾਲ ਪੁਰਾਣੀ ਮਸਜਿਦ ਹੈ ਅਤੇ ਸੁਪਰੀਮ ਕੋਰਟ ਤੇ ਵਕਫ਼ ਟ੍ਰਿਬਿਊਨਲ ਦੇ ਰੋਕ ਦੇ ਹੁਕਮਾਂ ਦੇ ਬਾਵਜੂਦ ਨੋਟਿਸ ਜਾਰੀ ਕਰਨਾ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਨੇ ਕਾਨੂੰਨੀ ਪੱਖ ਰੱਖਣ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ। ਉੱਧਰ, ਕਾਂਗਰਸੀ ਵਿਧਾਇਕ ਅਮੀਨ ਪਟੇਲ ਨੇ BMC ਅਤੇ ਇਕ ਟਰੱਸਟ ’ਤੇ ਮਿਲੀਭੁਗਤ ਨਾਲ ਇਮਾਰਤ ਢਾਹੁਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਵਿਰੋਧੀ ਆਗੂਆਂ ਨੇ ਕਾਰਵਾਈ ਰੋਕਣ ਲਈ ਅਦਾਲਤ ਦਾ ਰੁਖ਼ ਕਰਨ ਦੀ ਗੱਲ ਵੀ ਕਹੀ ਹੈ।

ਭਿੰਡੀ ਬਾਜ਼ਾਰ ਦੀ ਇਹ ਇਮਾਰਤ 1980 ਦੇ ਦਹਾਕੇ ਤੱਕ ਦਾਊਦ ਇਬਰਾਹਿਮ ਅਤੇ ਉਸ ਦੇ ਗਿਰੋਹ ਦਾ ਮੁੱਖ ਟਿਕਾਣਾ ਰਹੀ ਸੀ। ਦਾਅਵਾ ਕੀਤਾ ਜਾਂਦਾ ਹੈ ਕਿ ਭਾਰਤ ਛੱਡਣ ਤੋਂ ਪਹਿਲਾਂ ਦਾਊਦ ਆਪਣੇ ਪਰਿਵਾਰ ਨਾਲ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਰਹਿੰਦਾ ਸੀ। ਇੱਥੇ ਉਸ ਦਾ ਨਿੱਜੀ ਕਮਰਾ ਅਤੇ ਦਫ਼ਤਰ ਵੀ ਸੀ। ਇਸ ਇਮਾਰਤ ਨੂੰ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੀ ਸਾਜ਼ਿਸ਼ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ।

ਇਮਾਰਤ ਨੂੰ ਅਗਸਤ 2020 ਵਿੱਚ ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬੇਹੱਦ ਖ਼ਤਰਨਾਕ C-1 ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ BMC ਨੇ ਇਮਾਰਤ ਖਾਲੀ ਕਰਵਾ ਕੇ ਉੱਪਰਲੀਆਂ ਮੰਜ਼ਿਲਾਂ ਦੇ ਕੁਝ ਹਿੱਸੇ ਢਾਹ ਦਿੱਤੇ ਸਨ। ਹੁਣ ਇਮਾਰਤ ਵਿੱਚ ਗਰਾਊਂਡ ਫਲੋਰ ਦਾ ਵਿਵਾਦਤ ਹਿੱਸਾ ਅਤੇ ਪਹਿਲੀ ਮੰਜ਼ਿਲ ਦੇ ਕਰੀਬ 10 ਕਮਰੇ ਬਾਕੀ ਹਨ। ਦਾਊਦ ਦੇ ਪਰਿਵਾਰ ਨਾਲ ਜੁੜੇ ਕਈ ਮੁੱਖ ਕਮਰੇ ਪਹਿਲਾਂ ਹੀ ਢਾਹੇ ਜਾ ਚੁੱਕੇ ਹਨ। ਹੁਣ ਨਵੇਂ ਨੋਟਿਸ ਤੋਂ ਬਾਅਦ ਇਮਾਰਤ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਵਿਵਾਦ ਹੋਰ ਵਧਣ ਦੇ ਆਸਾਰ ਹਨ।