ਸੈਰ-ਸਪਾਟੇ ਦੇ ਸ਼ੌਕੀਨਾਂ ਲਈ IRCTC ਨੇ 6 ਦਿਨਾਂ ਦਾ ਖ਼ਾਸ ਟੂਰ ਪੈਕੇਜ ਪੇਸ਼ ਕੀਤਾ ਹੈ। ਇਸ ਤਹਿਤ ਸੈਲਾਨੀ ਡਲਹੌਜ਼ੀ, ਧਰਮਸ਼ਾਲਾ ਅਤੇ ਅੰਮ੍ਰਿਤਸਰ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦਾ ਆਨੰਦ ਲੈ ਸਕਣਗੇ। ਪੈਕੇਜ ਦਾ ਸ਼ੁਰੂਆਤੀ ਕਿਰਾਇਆ 17,565 ਰੁਪਏ ਪ੍ਰਤੀ ਵਿਅਕਤੀ ਹੈ, ਜਦਕਿ ਹਰ ਰੋਜ਼ ਸਿਰਫ਼ 20 ਸੀਟਾਂ ਉਪਲਬਧ ਹੋਣਗੀਆਂ।
ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਯਾਤਰਾ
ਟੂਰ ਦੇ ਪਹਿਲੇ ਦਿਨ ਸੈਲਾਨੀਆਂ ਨੂੰ ਅੰਮ੍ਰਿਤਸਰ ਦੇ ਏਅਰਪੋਰਟ, ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਤੋਂ AC ਕੈਬ ਰਾਹੀਂ ਡਲਹੌਜ਼ੀ ਲਿਜਾਇਆ ਜਾਵੇਗਾ। ਸ਼ਾਮ ਨੂੰ ਗਾਂਧੀ ਚੌਕ ਅਤੇ ਸਥਾਨਕ ਬਾਜ਼ਾਰਾਂ ਦੀ ਸੈਰ ਕੀਤੀ ਜਾ ਸਕੇਗੀ।
ਦੂਜੇ ਦਿਨ ਖੱਜਿਆਰ, ਸੇਂਟ ਜੌਨ ਚਰਚ ਅਤੇ ਸੇਂਟ ਫਰਾਂਸਿਸ ਚਰਚ ਸਮੇਤ ਡਲਹੌਜ਼ੀ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਦਿਖਾਏ ਜਾਣਗੇ।
ਤੀਜੇ ਦਿਨ ਧਰਮਸ਼ਾਲਾ ਜਾਂਦੇ ਸਮੇਂ ਕਾਂਗੜਾ ਕਿਲ੍ਹੇ ਅਤੇ ਚਿਨਮਯ ਤਪੋਵਨ ਆਸ਼ਰਮ ਦੇ ਦਰਸ਼ਨ ਕਰਵਾਏ ਜਾਣਗੇ। ਸ਼ਾਮ ਨੂੰ ਮੈਕਲੋਡਗੰਜ ਦੇ ਬਾਜ਼ਾਰਾਂ ਵਿੱਚ ਘੁੰਮਣ ਦਾ ਮੌਕਾ ਮਿਲੇਗਾ।
ਧਰਮਸ਼ਾਲਾ ਤੋਂ ਅੰਮ੍ਰਿਤਸਰ ਤੱਕ ਦੀ ਸੈਰ
ਚੌਥੇ ਦਿਨ ਦਲਾਈ ਲਾਮਾ ਮੰਦਰ, ਨਾਮਗਿਆਲ ਮੱਠ, ਭਾਗਸੂਨਾਗ ਮੰਦਰ, ਡਲ ਝੀਲ, ਸੇਂਟ ਜੌਨਜ਼ ਚਰਚ ਅਤੇ HPCA ਕ੍ਰਿਕਟ ਸਟੇਡੀਅਮ ਦੀ ਸੈਰ ਕਰਵਾਈ ਜਾਵੇਗੀ।
ਪੰਜਵੇਂ ਦਿਨ ਧਰਮਸ਼ਾਲਾ ਤੋਂ ਅੰਮ੍ਰਿਤਸਰ ਵਾਪਸੀ ਹੋਵੇਗੀ। ਇੱਥੇ ਸੈਲਾਨੀਆਂ ਨੂੰ ਵਾਹਗਾ-ਅਟਾਰੀ ਸਰਹੱਦ ’ਤੇ ਹੋਣ ਵਾਲੀ ਬੀਟਿੰਗ ਰਿਟਰੀਟ ਸੈਰੇਮਨੀ ਦਿਖਾਈ ਜਾਵੇਗੀ।
ਛੇਵੇਂ ਅਤੇ ਆਖਰੀ ਦਿਨ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ), ਜਲ੍ਹਿਆਂਵਾਲਾ ਬਾਗ ਅਤੇ ਪਾਰਟੀਸ਼ਨ ਮਿਊਜ਼ੀਅਮ ਦੇ ਦਰਸ਼ਨ ਕਰਵਾਏ ਜਾਣਗੇ। ਇਸ ਤੋਂ ਬਾਅਦ ਸੈਲਾਨੀਆਂ ਨੂੰ ਅੰਮ੍ਰਿਤਸਰ ਦੇ ਏਅਰਪੋਰਟ, ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ’ਤੇ ਛੱਡਿਆ ਜਾਵੇਗਾ।
ਗਰੁੱਪ ਦੇ ਹਿਸਾਬ ਨਾਲ ਤੈਅ ਹੋਵੇਗਾ ਕਿਰਾਇਆ IRCTC ਦੇ ਇਸ ਪੈਕੇਜ ਦਾ ਸ਼ੁਰੂਆਤੀ ਕਿਰਾਇਆ 17,565 ਰੁਪਏ ਪ੍ਰਤੀ ਵਿਅਕਤੀ ਹੈ। ਇਹ ਕੀਮਤ 5 ਤੋਂ 6 ਵਿਅਕਤੀਆਂ ਦੇ ਗਰੁੱਪ ਵੱਲੋਂ ਇਨੋਵਾ ਜਾਂ ਜ਼ਾਈਲੋ ਕੈਬ ਵਿੱਚ ਸਫ਼ਰ ਕਰਨ ਅਤੇ ਤਿੰਨ ਵਿਅਕਤੀਆਂ ਦੀ ਸਾਂਝੀ ਹੋਟਲ ਰਿਹਾਇਸ਼ ਦੇ ਆਧਾਰ ’ਤੇ ਹੈ। ਚਾਰ ਵਿਅਕਤੀਆਂ ਦੇ ਗਰੁੱਪ ਲਈ ਇਟਿਓਸ ਜਾਂ ਡਿਜ਼ਾਇਰ ਕੈਬ ਦਾ ਵਿਕਲਪ ਵੀ ਉਪਲਬਧ ਹੈ, ਜਿਸ ਦਾ ਕਿਰਾਇਆ ਵੱਖਰਾ ਹੋਵੇਗਾ।





