ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਿਸ਼ਨ ਰਫ਼ਤਾਰ’ ਤਹਿਤ ਸਰਕਾਰੀ ਹਾਈ ਸਕੂਲ ਭੂਦਨ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਡਿਜੀਟਲ ਇਨੋਵੇਸ਼ਨ ਮੇਲੇ (ਟੈੱਕ ਫੇਅਰ 2026-27) ਦੌਰਾਨ ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਕ ਸੋਚ ਅਤੇ ਤਕਨੀਕੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੇਲੇ ਵਿੱਚ 7 ਪੀ.ਐਮ. ਸ਼੍ਰੀ ਸਕੂਲਾਂ ਅਤੇ 4 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ 35 ਨਵੀਨਤਾਕਾਰੀ ਡਿਜੀਟਲ ਮਾਡਲ ਪੇਸ਼ ਕੀਤੇ। ਮੁਕਾਬਲੇ ਵਿੱਚ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ ਨੇ ਦੂਜਾ ਅਤੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲੇਸ਼ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਯੁੱਗ ਵਿੱਚ ਕਿਤਾਬੀ ਗਿਆਨ ਦੇ ਨਾਲ ਵਿਗਿਆਨਕ ਨਜ਼ਰੀਆ, ਨਵੀਨਤਾਕਾਰੀ ਸੋਚ ਅਤੇ ਵਿਹਾਰਕ ਹੁਨਰ ਵਿਕਸਤ ਕਰਨਾ ਸਮੇਂ ਦੀ ਲੋੜ ਹੈ। ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਕੇਵਲ ਵਰਤੋਂਕਾਰ ਬਣਨ ਦੀ ਬਜਾਏ ਨਵੀਆਂ ਖੋਜਾਂ ਦੇ ਸਿਰਜਣਹਾਰ ਬਣਨਾ ਚਾਹੀਦਾ ਹੈ। ਉਨ੍ਹਾਂ ਪ੍ਰੇਰਿਤ ਕਰਦਿਆਂ ਕਿਹਾ ਕਿ “ਹਰ ਵੱਡੀ ਖੋਜ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਵਿਚਾਰ ਤੋਂ ਹੁੰਦੀ ਹੈ। ਸਫ਼ਲਤਾ ਲਈ ਵੱਡੇ ਸਾਧਨਾਂ ਨਾਲੋਂ ਦ੍ਰਿੜ੍ਹ ਇਰਾਦੇ, ਮਿਹਨਤ ਅਤੇ ਕੁਝ ਨਵਾਂ ਕਰਨ ਦਾ ਜਜ਼ਬਾ ਵਧੇਰੇ ਮਹੱਤਵਪੂਰਨ ਹੈ। ਵਿਦਿਆਰਥੀ ਅਸਫ਼ਲਤਾ ਤੋਂ ਘਬਰਾਉਣ ਦੀ ਬਜਾਏ ਉਸ ਤੋਂ ਸਿੱਖਣ ਅਤੇ ਨਵੇਂ ਪ੍ਰਯੋਗ ਕਰਨ ਦਾ ਹੌਸਲਾ ਰੱਖਣ।”

ਜ਼ਿਲ੍ਹਾ ਨੋਡਲ ਅਫ਼ਸਰ ਦਵਿੰਦਰ ਸਿੰਘ ਨੇ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਡਿਜੀਟਲ ਤਕਨਾਲੋਜੀ ਵਰਗੇ ਖੇਤਰ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮੋਬਾਈਲ, ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਗਿਆਨ, ਖੋਜ ਅਤੇ ਹੁਨਰ ਵਿਕਾਸ ਲਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ‘ਮਿਸ਼ਨ ਰਫ਼ਤਾਰ’ ਵਰਗੇ ਉਪਰਾਲੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਸਿਰਜਣਾਤਮਕਤਾ ਅਤੇ ਤਕਨੀਕੀ ਸਮਰੱਥਾ ਵਿਕਸਤ ਕਰਕੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਸਹਾਇਕ ਲੋਕ ਸੰਪਰਕ ਅਫ਼ਸਰ ਦੀਪਕ ਕਪੂਰ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸਾਈਨ ਕਮਲ ਅਤੇ ਮੁੱਖ ਅਧਿਆਪਕਾ ਰਾਜਵੀਰ ਕੌਰ, ਡੀ.ਆਰ.ਸੀ.ਐਫ ਮੁਹੰਮਦ ਆਰਿਫ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਮੌਜੂਦ ਸਨ।