iPhone ਵਰਤਣ ਵਾਲਿਆਂ ਲਈ ਅਹਿਮ ਖ਼ਬਰ ਹੈ। Apple ਨੇ ਭਾਰਤ ਵਿੱਚ ਆਪਣੀ ਨੈਵੀਗੇਸ਼ਨ ਐਪ Apple Maps ਨੂੰ ਨਵੇਂ ਫੀਚਰਾਂ ਨਾਲ ਅਪਗ੍ਰੇਡ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਾਂ ਨੂੰ ਰਸਤਾ ਲੱਭਣ ਤੋਂ ਲੈ ਕੇ ਸੜਕਾਂ ਦੀ ਜਾਣਕਾਰੀ ਪ੍ਰਾਪਤ ਕਰਨ ਤੱਕ ਕਈ ਨਵੀਆਂ ਸਹੂਲਤਾਂ ਮਿਲਣਗੀਆਂ। ਖ਼ਾਸ ਗੱਲ ਇਹ ਹੈ ਕਿ ਹੁਣ ਇਸ ਐਪ ਵਿੱਚ ਪੰਜਾਬੀ ਸਮੇਤ 11 ਭਾਰਤੀ ਭਾਸ਼ਾਵਾਂ ਵਿੱਚ ਸਥਾਨਾਂ ਦੇ ਨਾਮ ਦੇਖੇ ਜਾ ਸਕਣਗੇ। ਕੰਪਨੀ ਨੇ ਇਸ ਅਪਡੇਟ ਨੂੰ ਭਾਰਤ ਦੀਆਂ ਸੜਕਾਂ ਅਤੇ ਸਥਾਨਕ ਨੈਵੀਗੇਸ਼ਨ ਲੋੜਾਂ ਮੁਤਾਬਕ ਤਿਆਰ ਕੀਤਾ ਹੈ। Apple ਮੁਤਾਬਕ ਨਵੇਂ ਵਰਜ਼ਨ ਵਿੱਚ ਨੈਵੀਗੇਸ਼ਨ ਨੂੰ ਵਧੇਰੇ ਸਟੀਕ ਬਣਾਇਆ ਗਿਆ ਹੈ। ਇਸ ਦੇ ਨਾਲ 300 ਤੋਂ ਵੱਧ 3D ਲੈਂਡਮਾਰਕ, ਬਿਹਤਰ ਸੜਕ ਦ੍ਰਿਸ਼ ਅਤੇ AI ਆਧਾਰਿਤ ਨੈਵੀਗੇਸ਼ਨ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ।

ਹੁਣ 11 ਭਾਰਤੀ ਭਾਸ਼ਾਵਾਂ ਵਿੱਚ ਮਿਲੇਗੀ ਜਾਣਕਾਰੀ Apple Maps ਦੇ ਨਵੇਂ ਅਪਡੇਟ ਵਿੱਚ ਦੋਹਰੀ ਭਾਸ਼ਾ ਵਾਲੇ ਲੇਬਲ ਸ਼ਾਮਲ ਕੀਤੇ ਗਏ ਹਨ। ਇਸ ਦਾ ਮਤਲਬ ਹੈ ਕਿ ਸੜਕਾਂ ਅਤੇ ਵੱਖ-ਵੱਖ ਥਾਵਾਂ ਦੇ ਨਾਮ ਅੰਗਰੇਜ਼ੀ ਦੇ ਨਾਲ ਸਥਾਨਕ ਭਾਸ਼ਾ ਵਿੱਚ ਵੀ ਦਿਖਾਈ ਦੇਣਗੇ। ਇਸ ਵਿੱਚ ਪੰਜਾਬੀ, ਹਿੰਦੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਤਮਿਲ, ਤੇਲਗੂ, ਉੜੀਆ ਅਤੇ ਉਰਦੂ ਭਾਸ਼ਾਵਾਂ ਸ਼ਾਮਲ ਹਨ। ਇਸ ਨਾਲ ਸਥਾਨਕ ਭਾਸ਼ਾ ਵਿੱਚ ਰਸਤੇ ਅਤੇ ਥਾਵਾਂ ਦੀ ਪਛਾਣ ਕਰਨਾ ਆਸਾਨ ਹੋਵੇਗਾ। 15 ਥਾਵਾਂ ਤੱਕ ਦਾ ਰੂਟ ਕਰ ਸਕੋਗੇ ਤਿਆਰ ਨਵੇਂ ਅਪਡੇਟ ਵਿੱਚ Multi-Stop Routing ਫੀਚਰ ਵੀ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰ ਇੱਕੋ ਯਾਤਰਾ ਦੌਰਾਨ 15 ਵੱਖ-ਵੱਖ ਸਟਾਪਾਂ ਤੱਕ ਦਾ ਰੂਟ ਤਿਆਰ ਕਰ ਸਕਣਗੇ। ਇਸ ਤੋਂ ਇਲਾਵਾ Mac ਅਤੇ iPad ’ਤੇ ਬਣਾਏ ਗਏ ਰੂਟ ਆਪਣੇ ਆਪ iPhone ਨਾਲ ਸਿੰਕ ਹੋ ਜਾਣਗੇ।

ਮੋੜ ਲੈਣ ਤੋਂ ਪਹਿਲਾਂ ਮਿਲੇਗੀ ਸਹੀ ਲੇਨ ਦੀ ਜਾਣਕਾਰੀ Apple ਨੇ Lane Guidance ਫੀਚਰ ਨੂੰ ਵੀ ਅਪਗ੍ਰੇਡ ਕੀਤਾ ਹੈ। ਇਸ ਰਾਹੀਂ ਯੂਜ਼ਰਾਂ ਨੂੰ ਕਿਸੇ ਮੋੜ, ਫਲਾਈਓਵਰ ਜਾਂ ਐਗਜ਼ਿਟ ਤੋਂ ਪਹਿਲਾਂ ਸਹੀ ਲੇਨ ਬਾਰੇ ਜਾਣਕਾਰੀ ਮਿਲੇਗੀ।

ਇਸ ਦੇ ਨਾਲ Natural Language Guidance ਫੀਚਰ ਹੁਣ ਆਮ ਬੋਲਚਾਲ ਵਰਗੀ ਭਾਸ਼ਾ ਵਿੱਚ ਦਿਸ਼ਾ-ਨਿਰਦੇਸ਼ ਦੇਵੇਗਾ। ਇਸ ਵਿੱਚ ਸੜਕਾਂ ਦੇ ਕਿਨਾਰੇ ਬਣੇ ਪਿਲਰਾਂ ਅਤੇ ਹੋਰ ਪਛਾਣ ਚਿੰਨ੍ਹਾਂ ਦੀ ਜਾਣਕਾਰੀ ਵੀ ਸ਼ਾਮਲ ਹੋਵੇਗੀ, ਜਿਸ ਨਾਲ ਬਿਨਾਂ ਨਾਮ ਵਾਲੀਆਂ ਸੜਕਾਂ ’ਤੇ ਵੀ ਰਸਤਾ ਲੱਭਣ ਵਿੱਚ ਮਦਦ ਮਿਲੇਗੀ। ਹਾਦਸੇ ਅਤੇ ਸੜਕ ਦੇ ਖ਼ਤਰੇ ਦੀ ਕਰ ਸਕੋਗੇ ਰਿਪੋਰਟ ਨਵੇਂ Apple Maps ਵਿੱਚ ਯੂਜ਼ਰਾਂ ਨੂੰ Siri ਦੀ ਮਦਦ ਨਾਲ ਰਸਤੇ ਵਿੱਚ ਹੋਏ ਹਾਦਸੇ, ਸੜਕ ’ਤੇ ਮੌਜੂਦ ਖ਼ਤਰੇ ਅਤੇ ਸਪੀਡ ਚੈੱਕ ਬਾਰੇ ਰਿਪੋਰਟ ਕਰਨ ਦੀ ਸਹੂਲਤ ਵੀ ਮਿਲੇਗੀ।

ਇਸ ਤੋਂ ਇਲਾਵਾ ਆਪਣਾ ਅਨੁਮਾਨਿਤ ਪਹੁੰਚਣ ਦਾ ਸਮਾਂ (ETA) ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕੀਤਾ ਜਾ ਸਕੇਗਾ। ਇਸ ਨਾਲ ਉਹ ਤੁਹਾਡੀ ਯਾਤਰਾ ਦੀ ਸਥਿਤੀ ਬਾਰੇ ਜਾਣ ਸਕਣਗੇ। 3D ਤਸਵੀਰਾਂ ਨਾਲ ਦੇਖ ਸਕੋਗੇ ਸੜਕਾਂ ਦਾ ਨਜ਼ਾਰਾ Apple Maps ਦੇ Look Around ਫੀਚਰ ਰਾਹੀਂ ਹੁਣ ਯੂਜ਼ਰ ਹਾਈ-ਰੈਜ਼ੋਲਿਊਸ਼ਨ 3D ਤਸਵੀਰਾਂ ਦੀ ਮਦਦ ਨਾਲ ਸੜਕਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਦੇਖ ਸਕਣਗੇ। ਇਸ ਵਿੱਚ ਇਮਾਰਤਾਂ, ਪਾਰਕਾਂ ਅਤੇ ਹੋਰ ਪ੍ਰਮੁੱਖ ਥਾਵਾਂ ਦੇ ਵਿਸਥਾਰਪੂਰਵਕ ਦ੍ਰਿਸ਼ ਮਿਲਣਗੇ।

ਪੈਦਲ ਚੱਲਣ ਵਾਲਿਆਂ ਲਈ AR Walking Directions ਦਿੱਤਾ ਗਿਆ ਹੈ, ਜਦਕਿ ਸਾਈਕਲ ਚਲਾਉਣ ਵਾਲਿਆਂ ਲਈ Cycling Directions ਦੀ ਸਹੂਲਤ ਵੀ ਸ਼ਾਮਲ ਕੀਤੀ ਗਈ ਹੈ। ਯੂਜ਼ਰ ਆਪਣੀ ਲੋੜ ਮੁਤਾਬਕ Custom Routes ਅਤੇ Preferred Routes ਵੀ ਤਿਆਰ ਕਰ ਸਕਣਗੇ। Apple ਦਾ ਇਹ ਨਵਾਂ ਅਪਡੇਟ Google Maps ਨਾਲ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਸਕਦਾ ਹੈ। ਖ਼ਾਸ ਤੌਰ ’ਤੇ ਭਾਰਤੀ ਭਾਸ਼ਾਵਾਂ, 3D ਦ੍ਰਿਸ਼ ਅਤੇ ਮਲਟੀ-ਸਟਾਪ ਰੂਟ ਵਰਗੀਆਂ ਸਹੂਲਤਾਂ ਕਾਰਨ Apple Maps ਦੀ ਵਰਤੋਂ ਕਰਨ ਵਾਲਿਆਂ ਨੂੰ ਨਵਾਂ ਤਜਰਬਾ ਮਿਲੇਗਾ।