ਸਤਲੁਜ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਅਤੇ ਤੇਜ਼ ਵਹਾਅ ਨੇ ਇਕ ਵਾਰੀ ਫਿਰ ਸਰਹੱਦੀ ਇਲਾਕੇ 'ਚ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਵੀਰਵਾਰ ਸ਼ਾਮ ਨੂੰ ਭਾਰਤ-ਪਾਕਿਸਤਾਨ ਕੌਮਾਂਤਰੀ ਹੱਦ 'ਤੇ ਸਥਿਤ ਡਿਫੈਂਸ ਬੰਨ੍ਹ ਦਾ ਇਕ ਵੱਡਾ ਹਿੱਸਾ ਟੁੱਟ ਗਿਆ ਹੈ। ਬੰਨ੍ਹ ਟੁੱਟਣ ਕਾਰਨ ਦਰਿਆਈ ਪਾਣੀ ਤੇਜ਼ੀ ਨਾਲ ਪਾਕਿਸਤਾਨ ਦੇ ਖੇਤਰ 'ਚ ਦਾਖਲ ਹੋ ਗਿਆ। ਜਾਣਕਾਰੀ ਮੁਤਾਬਕ, ਪਾਣੀ ਪਾਕਿਸਤਾਨੀ ਬੰਨ੍ਹ ਨਾਲ ਟਕਰਾ ਕੇ ਮੁੜ ਭਾਰਤੀ ਖੇਤਰ ਵੱਲ ਆਇਆ ਤੇ ਸਿੱਧਾ ਸੰਯੁਕਤ ਚੈਕ ਪੋਸਟ (JCP) ਹਸੈਨੀਵਾਲਾ ਤਕ ਪਹੁੰਚ ਗਿਆ। ਇਸ ਕਾਰਨ, ਜੇਸੀਪੀ ਖੇਤਰ 'ਚ ਲਗਪਗ 7 ਫੁੱਟ ਤਕ ਪਾਣੀ ਭਰ ਗਿਆ ਹੈ।
ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਦੇ ਵਹਾਅ ਦੀ ਰਫ਼ਤਾਰ ਜਿਸ ਤਰ੍ਹਾਂ ਵਧੀ ਹੈ, ਉਸ ਨਾਲ ਹੁਸੈਨੀਵਾਲਾ ਸਥਿਤ ਜੇਸੀਪੀ ਲਈ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਪਾਣੀ ਭਰਨ ਕਾਰਨ ਇੱਥੇ ਰੋਜ਼ਾਨਾ ਹੋਣ ਵਾਲੀ ਇਤਿਹਾਸਕ ਰਿਟ੍ਰੀਟ ਸੈਰੇਮਨੀ ਆਰਜ਼ੀ ਤੌਰ 'ਤੇ ਰੱਦ ਕਰ ਦਿੱਤੀ ਗਈ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਪਾਣੀ ਦਾ ਲੈਵਲ ਹੋਰ ਵਧਿਆ ਤਾਂ ਜੇਸੀਪੀ ਦੇ ਸੁਰੱਖਿਆ ਢਾਂਚੇ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਦਿਲਚਸਪ ਗੱਲ ਇਹ ਹੈ ਕਿ ਜਿਸ ਬੰਨ੍ਹ ਦੇ ਟੁੱਟਣ ਨਾਲ ਪਾਕਿਸਤਾਨੀ ਖੇਤਰ 'ਚ ਤਬਾਹੀ ਮਚੀ, ਉਸੇ ਘਟਨਾ ਨੇ ਭਾਰਤੀ ਸਰਹਦੀ ਪਿੰਡਾਂ ਨੂੰ ਕੁਝ ਹੱਦ ਤਕ ਰਾਹਤ ਦਿੱਤੀ ਹੈ। ਗਟਟੀ ਰਾਜੋਕੇ, ਭਖੜਾ ਅਤੇ ਹਜ਼ਾਰਾ ਸਿੰਘ ਵਾਲਾ ਵਰਗੇ ਪਿੰਡਾਂ 'ਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਘਟਿਆ ਹੈ। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦੇ ਦਬਾਅ ਕਾਰਨ ਉਹ ਦਹਿਸ਼ਤ 'ਚ ਜੀਅ ਰਹੇ ਸਨ, ਪਰ ਬੰਨ੍ਹ ਟੁੱਟਣ ਨਾਲ ਫਿਲਹਾਲ ਉਨ੍ਹਾਂ ਦੇ ਪਿੰਡਾਂ 'ਚ ਖ਼ਤਰਾ ਘਟ ਗਿਆ ਹੈ।





