ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਉੱਤਰਾਖੰਡ ਵਿੱਚ ਹੋਏ ਸ਼ੋਅ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਹੁਣ ਗਾਇਕ ਮਨਿੰਦਰ ਬੁੱਟਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਹੈ, ਜਿਸ ਵਿੱਚ ਮੰਤਰੀ ਨੇ ਕਿਹਾ ਸੀ ਕਿ ਮਨਿੰਦਰ ਬੁੱਟਰ ਉੱਥੇ ਸ਼ੋਅ ਦੌਰਾਨ ਕੁੱਟ ਖਾ ਕੇ ਗਿਆ ਸੀ। ਬੁੱਟਰ ਨੇ ਮੰਤਰੀ ਨੂੰ ਚੁਣੌਤੀ ਦਿੰਦਿਆਂ ਆਪਣੇ ਸ਼ੋਅ ਦੀ ਪੂਰੀ ਵੀਡੀਓ ਜਾਰੀ ਕਰਨ ਲਈ ਕਿਹਾ ਹੈ।
ਮਨਿੰਦਰ ਬੁੱਟਰ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਕਿਹਾ ਕਿ ਜੇਕਰ ਉਨ੍ਹਾਂ ਦੇ ਸ਼ੋਅ ਦੌਰਾਨ ਕੋਈ ਘਟਨਾ ਵਾਪਰੀ ਸੀ, ਤਾਂ ਉਸ ਦੀ ਵੀਡੀਓ ਜਨਤਕ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਉਸੇ ਥਾਂ ’ਤੇ ਹੋਏ ਸ਼ੋਅ ਦੌਰਾਨ ਮੰਤਰੀ ਖ਼ੁਦ ਸਟੇਜ ’ਤੇ ਆਏ ਸਨ ਅਤੇ ਉਨ੍ਹਾਂ ਨੂੰ ਪਹਾੜੀ ਟੋਪੀ ਪਹਿਨਾਈ ਸੀ। ਬੁੱਟਰ ਮੁਤਾਬਕ, ਉਨ੍ਹਾਂ ਨੇ ਡੇਢ ਘੰਟੇ ਦਾ ਪੂਰਾ ਸ਼ੋਅ ਉਹ ਟੋਪੀ ਪਹਿਨ ਕੇ ਕੀਤਾ ਸੀ।
ਗਾਇਕ ਨੇ ਆਪਣੇ ਪਿਤਾ ਨੂੰ ਵਿਵਾਦ ਵਿੱਚ ਘਸੀਟਣ ’ਤੇ ਵੀ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਵੀ ਨਹੀਂ ਸੀ। ਬੁੱਟਰ ਨੇ ਕਿਹਾ ਕਿ ਮੰਤਰੀ ਵੱਲੋਂ ਸਟੇਜ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਬਾਰੇ ਅਜਿਹੀਆਂ ਗੱਲਾਂ ਕਰਨਾ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ ਹੈ।
ਇਹ ਵਿਵਾਦ 18 ਅਕਤੂਬਰ ਨੂੰ ਟਿਹਰੀ ਜ਼ਿਲ੍ਹੇ ਦੇ ਨਰਿੰਦਰ ਨਗਰ ਵਿੱਚ ਕੁੰਜਾਪੁਰੀ ਮੇਲੇ ਦੀ ਸੱਭਿਆਚਾਰਕ ਸ਼ਾਮ ਦੌਰਾਨ ਸ਼ੁਰੂ ਹੋਇਆ ਸੀ। ਇਸ ਮੌਕੇ ਮੰਤਰੀ ਸੁਬੋਧ ਉਨਿਆਲ ਨੇ ਦਲੇਰ ਮਹਿੰਦੀ ਦੀ ਪੇਸ਼ਕਾਰੀ ’ਤੇ ਇਤਰਾਜ਼ ਜਤਾਉਂਦਿਆਂ ਉਨ੍ਹਾਂ ਦੇ ਗਾਉਣ ਦੇ ਤਰੀਕੇ ’ਤੇ ਸਵਾਲ ਚੁੱਕੇ ਸਨ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਕਲਾਕਾਰਾਂ ਨੇ ਮੰਤਰੀ ਦੇ ਵਿਹਾਰ ’ਤੇ ਨਾਰਾਜ਼ਗੀ ਜਤਾਈ ਸੀ।
ਵਿਵਾਦ ਵਧਣ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ 26 ਅਕਤੂਬਰ ਨੂੰ ਮੰਤਰੀ ਸੁਬੋਧ ਉਨਿਆਲ ਨੇ ਵੀ ਦਲੇਰ ਮਹਿੰਦੀ ਨੂੰ ਫ਼ੋਨ ਕਰਕੇ ਘਟਨਾ ’ਤੇ ਅਫ਼ਸੋਸ ਪ੍ਰਗਟਾਇਆ ਸੀ। ਹੁਣ ਮਨਿੰਦਰ ਬੁੱਟਰ ਦੀ ਪ੍ਰਤੀਕਿਰਿਆ ਨਾਲ ਇਹ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ।





