ਗੋਪਾਲ ਨਗਰ ਇਲਾਕੇ ਵਿੱਚ ਰਾਹਗੀਰ ਨੂੰ ਬਦਮਾਸ਼ਾਂ ਦੀ ਕੁੱਟਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪਰਿਵਾਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ 15 ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਪਰਿਵਾਰ ਦੇ ਘਰ ਵਿੱਚ ਦਾਖ਼ਲ ਹੋ ਕੇ ਮੈਂਬਰਾਂ ਨਾਲ ਕੁੱਟਮਾਰ ਕੀਤੀ, 6 ਤੋਂ 7 ਹਜ਼ਾਰ ਰੁਪਏ ਲੁੱਟ ਲਏ ਅਤੇ ਬਾਹਰ ਖੜ੍ਹੀ ਕਾਰ ਦੀ ਭੰਨ-ਤੋੜ ਕੀਤੀ। ਥਾਣਾ ਹੈਬੋਵਾਲ ਪੁਲਿਸ ਨੇ ਪੰਜ ਨਾਮਜ਼ਦ ਵਿਅਕਤੀਆਂ ਸਮੇਤ 10 ਤੋਂ 12 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਲਹਾਰ ਰੋਡ ਸਥਿਤ ਬਸੰਤ ਆਈਸਕ੍ਰੀਮ ਦੀ ਬ੍ਰਾਂਚ ਵਿੱਚ ਮੈਨੇਜਰ ਵਜੋਂ ਕੰਮ ਕਰਨ ਵਾਲੇ ਰਾਜੇਸ਼ ਸ਼ਰਮਾ ਉਰਫ਼ ਰਾਜੂ ਪੰਡਿਤ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਕਾਲੀ ਮਾਤਾ ਮੰਦਰ ਨੇੜੇ ਕੁਝ ਵਿਅਕਤੀ ਇੱਕ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ। ਰਾਜੇਸ਼ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਪਿੱਛੇ ਹਟਾਇਆ, ਜਿਸ ਤੋਂ ਬਾਅਦ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਉੱਥੋਂ ਭੱਜ ਗਿਆ। ਇਸ ਦੌਰਾਨ ਮੁਲਜ਼ਮਾਂ ਨੇ ਰਾਜੇਸ਼ ਨਾਲ ਗਾਲੀ-ਗਲੋਚ ਵੀ ਕੀਤੀ, ਪਰ ਉੱਥੇ ਮੌਜੂਦ ਲੋਕਾਂ ਨੇ ਵਿਚੋਲਗੀ ਕਰਕੇ ਮਾਮਲਾ ਸ਼ਾਂਤ ਕਰਵਾ ਦਿੱਤਾ।

ਸ਼ਿਕਾਇਤਕਰਤਾ ਮੁਤਾਬਕ, 24 ਅਕਤੂਬਰ ਦੀ ਰਾਤ ਜਦੋਂ ਪਰਿਵਾਰ ਘਰ ਵਿੱਚ ਖਾਣਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਤਾਂ ਕਈ ਵਿਅਕਤੀ ਉਨ੍ਹਾਂ ਦੇ ਘਰ ਪਹੁੰਚ ਗਏ। ਦਰਵਾਜ਼ਾ ਖੁੱਲ੍ਹਣ ’ਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਉਰਫ਼ ਬਿੱਲਾ, ਰਵੀ ਉਰਫ਼ ਕੌੜੀ, ਰਾਹੁਲ ਮੇਟਾ, ਸ਼ੁਭਮ ਨੇਪਾਲੀ ਅਤੇ ਵਿੱਕੀ ਕੌਸ਼ਲ ਸਮੇਤ 10 ਤੋਂ 12 ਅਣਪਛਾਤੇ ਵਿਅਕਤੀਆਂ ਦੇ ਹਥਿਆਰਾਂ ਨਾਲ ਘਰ ਵਿੱਚ ਦਾਖ਼ਲ ਹੋਣ ਦਾ ਦੋਸ਼ ਹੈ। ਮੁਲਜ਼ਮਾਂ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ, ਨਕਦੀ ਲੁੱਟੀ ਅਤੇ ਕਾਰ ਦੀ ਭੰਨ-ਤੋੜ ਕਰਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਹੈਬੋਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭੂਮਿਕਾ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।