ਫਗਵਾੜਾ ਵਿੱਚ ਇੱਕ ਫਾਈਨੈਂਸਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਰਕਮ ਨਾ ਦੇਣ ’ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਦਾ ਦੋਸ਼ ਹੈ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਦਾ ਨਾਮ ਲੈ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਸ਼ਿਕਾਇਤਕਰਤਾ ਕਪਿਲ ਦੇਵ ਸੁਧੀਰ ਅਤੇ ਉਨ੍ਹਾਂ ਦੇ ਭਤੀਜੇ ਅਰਜੁਨ ਸੁਧੀਰ, ਜੋ ਪ੍ਰਾਪਰਟੀ ਡੀਲਿੰਗ ਅਤੇ ਫਾਈਨਾਂਸ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ, ਮੁਤਾਬਕ 20 ਅਗਸਤ ਨੂੰ ਦੁਪਹਿਰ ਕਰੀਬ 2:11 ਵਜੇ ਉਨ੍ਹਾਂ ਦੇ ਮੋਬਾਈਲ ’ਤੇ ਵਟਸਐਪ ਕਾਲ ਆਈ। ਦੋਸ਼ ਹੈ ਕਿ ਕਾਲ ਕਰਨ ਵਾਲੇ ਨੇ 10 ਕਰੋੜ ਰੁਪਏ ਦੀ ਮੰਗ ਕਰਦਿਆਂ ਰਕਮ ਨਾ ਦੇਣ ’ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।
ਸ਼ਿਕਾਇਤ ਅਨੁਸਾਰ, ਮੁਲਜ਼ਮ ਨੇ ਬਾਅਦ ਵਿੱਚ ਵੀ ਫੋਨ ਕਰਕੇ ਧਮਕੀਆਂ ਦਿੱਤੀਆਂ ਅਤੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਹੋਣ ਦਾ ਦਾਅਵਾ ਕੀਤਾ। ਇਸ ਕਾਰਨ ਪੀੜਤ ਪਰਿਵਾਰ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਪੁਲਿਸ ਤੋਂ ਮੁਲਜ਼ਮਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਗਵਾੜਾ ਵਿੱਚ ਇਸ ਤੋਂ ਪਹਿਲਾਂ ਵੀ ਸਿਆਸੀ ਆਗੂਆਂ, ਮਠਿਆਈ ਕਾਰੋਬਾਰੀਆਂ ਅਤੇ ਜਿਊਲਰਾਂ ਸਮੇਤ ਹੋਰ ਵਿਅਕਤੀਆਂ ਨੂੰ ਫਿਰੌਤੀ ਲਈ ਧਮਕੀਆਂ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।





