ਪਿੰਡ ਤਾਮਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰਾਂ ਅਤੇ ਪੁਲਿਸ ਵਿਚਾਲੇ ਉਸ ਸਮੇਂ ਟਕਰਾਅ ਹੋ ਗਿਆ, ਜਦੋਂ ਪੁਲਿਸ ਨੇ ਕਿਸਾਨਾਂ ਨੂੰ ਮਾਨਸਾ ਵੱਲ ਜਾਣ ਤੋਂ ਰੋਕ ਦਿੱਤਾ। ਕਿਸਾਨ ਜਥੇਬੰਦੀ ਨੇ ਇਸ ਦੌਰਾਨ ਕੁਝ ਕਿਸਾਨਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ, ਐਸਐਸਪੀ ਵੈਭਵ ਚੌਧਰੀ ਦੀ ਅਗਵਾਈ ਹੇਠ ਪੁਲਿਸ ਨੇ ਤਾਮਕੋਟ ਵਿਖੇ ਕਿਸਾਨਾਂ ਦਾ ਰਸਤਾ ਰੋਕਿਆ। ਇਸ ਤੋਂ ਨਾਰਾਜ਼ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਘਟਨਾ ਤੋਂ ਬਾਅਦ ਕਿਸਾਨਾਂ ਨੇ ਮਾਨਸਾ ਕੈਂਚੀਆਂ ਵੱਲ ਕੂਚ ਕਰ ਦਿੱਤਾ।
ਸਥਿਤੀ ਨੂੰ ਦੇਖਦਿਆਂ ਪੁਲਿਸ ਨੇ ਮਾਨਸਾ ਕੈਂਚੀਆਂ ਵਿਖੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਕਰ ਦਿੱਤੇ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਮਾਨਸਾ ਵੱਲ ਵਧਣਗੇ। ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।





