ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ 16 ਜਥੇਬੰਦੀਆਂ ਨੇ ਦਿੜ੍ਹਬਾ ਵਿੱਚ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਅਤੇ ਮਾਰਚ ਕੱਢਿਆ। ਜਥੇਬੰਦੀਆਂ ਨੇ 29 ਅਕਤੂਬਰ ਤੋਂ ਵਰਕ ਟੂ ਰੂਲ ਅਨੁਸਾਰ ਕੰਮ ਕਰਨ ਅਤੇ ਮੰਗਾਂ ਨਾ ਮੰਨੇ ਜਾਣ ’ਤੇ ਸਮੂਹਿਕ ਛੁੱਟੀ ਦਾ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ।

ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗ ਵਿੱਚ ਕਈ ਮੰਗਾਂ ’ਤੇ ਸਹਿਮਤੀ ਬਣੀ ਸੀ, ਪਰ ਉਨ੍ਹਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨਾ, ਮਹਿੰਗਾਈ ਭੱਤੇ ਦੇ ਬਕਾਏ ਜਾਰੀ ਕਰਨਾ, ਨਵੇਂ ਭਰਤੀ ਮੁਲਾਜ਼ਮਾਂ ਨੂੰ ਪਾਵਰਕੌਮ ਦੇ ਤਨਖ਼ਾਹ ਸਕੇਲ ਦੇਣਾ, ਪੈਨਸ਼ਨਰਾਂ ਲਈ 2.59 ਦਾ ਫੈਕਟਰ ਲਾਗੂ ਕਰਨਾ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸ਼ਾਮਲ ਹਨ।

ਜਥੇਬੰਦੀਆਂ ਨੇ ਐਲਾਨ ਕੀਤਾ ਕਿ 29 ਅਕਤੂਬਰ ਤੋਂ ਮੁਲਾਜ਼ਮ ਸਿਰਫ਼ ਆਪਣੀ ਨਿਰਧਾਰਤ ਡਿਊਟੀ ਕਰਨਗੇ ਅਤੇ ਬਿਜਲੀ ਮੰਤਰੀ ਤੇ ਪਾਵਰਕੌਮ ਮੈਨੇਜਮੈਂਟ ਦੇ ਫੀਲਡ ਦੌਰਿਆਂ ਦੌਰਾਨ ਕਾਲੇ ਝੰਡਿਆਂ ਨਾਲ ਵਿਰੋਧ ਕਰਨਗੇ। ਇਸ ਤੋਂ ਇਲਾਵਾ, 2 ਤੋਂ 6 ਨਵੰਬਰ ਤੱਕ ਸਰਕਲ ਪੱਧਰੀ ਤਿਆਰੀ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਜੇਕਰ ਮੰਗਾਂ ਲਾਗੂ ਕਰਨ ਸਬੰਧੀ ਸਰਕੂਲਰ ਜਾਰੀ ਨਾ ਹੋਏ ਤਾਂ 10 ਨਵੰਬਰ ਨੂੰ ਅਗਲੀ ਮੀਟਿੰਗ ਕਰਕੇ ਸਮੂਹਿਕ ਛੁੱਟੀ ਦੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।