ਸ਼ਾਹਰੁਖ਼ ਖ਼ਾਨ ਅਤੇ ਐਸ਼ਵਰਿਆ ਰਾਏ ਨਾਲ ਫ਼ਿਲਮ ‘ਜੋਸ਼’ ਵਿੱਚ ਨਜ਼ਰ ਆਏ ਅਦਾਕਾਰ ਸ਼ਰਦ ਕਪੂਰ ਇਨ੍ਹੀਂ ਦਿਨੀਂ ਸਿਹਤ ਅਤੇ ਨਿੱਜੀ ਮੁਸ਼ਕਲਾਂ ਨਾਲ ਜੂਝ ਰਹੇ ਹਨ। ਹਾਲ ਹੀ ਵਿੱਚ ਵਾਇਰਲ ਹੋਈ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਬਾਲੀਵੁੱਡ ਤੋਂ ਕੰਮ ਦਿਵਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਆਪਣੇ ਚਾਰ ਪਾਲਤੂ ਕੁੱਤਿਆਂ ਤੋਂ ਕੁਝ ਸਮੇਂ ਲਈ ਦੂਰ ਹੋਣ ਦਾ ਦਰਦ ਵੀ ਸਾਂਝਾ ਕੀਤਾ ਹੈ।

ਅਦਾਕਾਰ ਦੀ ਦੋਸਤ ਅਤੇ ਬੇਜ਼ੁਬਾਨ ਪਬਲਿਕ ਵੈਲਫੇਅਰ ਟਰੱਸਟ ਦੀ ਸੰਸਥਾਪਕ ਹੇਮਾ ਚੌਧਰੀ ਮੁਤਾਬਕ, ਸ਼ਰਦ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੇ ਠੀਕ ਹੋਣ ਤੱਕ ਚਾਰਾਂ ਕੁੱਤਿਆਂ ਨੂੰ ਸੁਰੱਖਿਅਤ ਥਾਂ ’ਤੇ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ। ਸ਼ਰਦ ਨੇ ਭਰੋਸਾ ਦਿੱਤਾ ਹੈ ਕਿ ਹਾਲਾਤ ਸੁਧਰਨ ’ਤੇ ਉਹ ਆਪਣੇ ਪਾਲਤੂ ਕੁੱਤਿਆਂ ਨੂੰ ਵਾਪਸ ਲੈ ਆਉਣਗੇ।

ਸ਼ਰਦ ਨੇ ਦੱਸਿਆ ਕਿ ਬਾਰਸੀਲੋਨਾ ਵਿੱਚ ਫੁੱਟਬਾਲ ਖੇਡਦਿਆਂ ਲੱਗੀ ਸੱਟ ਕਾਰਨ ਉਹ ਅਦਾਕਾਰੀ ਤੋਂ ਦੂਰ ਹੋ ਗਏ ਸਨ। ਹੁਣ ਉਹ ਮੁੜ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਫ਼ਿਲਮ ਨਿਰਮਾਤਾਵਾਂ ਅਤੇ ਬਾਲੀਵੁੱਡ ਦੇ ਹੋਰ ਲੋਕਾਂ ਨੂੰ ਫ਼ਿਲਮਾਂ, ਟੈਲੀਵਿਜ਼ਨ ਅਤੇ OTT ਪ੍ਰੋਜੈਕਟਾਂ ਵਿੱਚ ਕੰਮ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸਿਹਤ ਵਿੱਚ ਸੁਧਾਰ ਤੋਂ ਬਾਅਦ ਜਨਵਰੀ ਤੱਕ ਕੰਮ ’ਤੇ ਵਾਪਸੀ ਕਰ ਸਕਣਗੇ।

ਸ਼ਰਦ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਕਈ ਯੂਜ਼ਰਜ਼ ਨੇ ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ ਅਤੇ ਕਰਨ ਜੌਹਰ ਸਮੇਤ ਫ਼ਿਲਮ ਇੰਡਸਟਰੀ ਦੇ ਲੋਕਾਂ ਨੂੰ ਵੀ ਅਦਾਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।\