ਪੀ.ਜੀ.ਆਈ. ਚੰਡੀਗੜ੍ਹ ਵਿੱਚ ਨਰਸਿੰਗ ਸਟਾਫ਼ ਦੀ ਘਾਟ ਦਾ ਖੁਲਾਸਾ ਆਰ.ਟੀ.ਆਈ. ਰਾਹੀਂ ਮਿਲੇ ਸਰਕਾਰੀ ਅੰਕੜਿਆਂ ਵਿੱਚ ਹੋਇਆ ਹੈ। ਸੰਸਥਾ ਵਿੱਚ ਨਰਸਿੰਗ ਅਸਟੈਬਲਿਸ਼ਮੈਂਟ ਤਹਿਤ ਮਨਜ਼ੂਰਸ਼ੁਦਾ 2,963 ਅਸਾਮੀਆਂ ਵਿੱਚੋਂ 572 ਖਾਲੀ ਪਈਆਂ ਹਨ, ਜੋ ਕੁੱਲ ਅਸਾਮੀਆਂ ਦਾ ਲਗਭਗ 19.3 ਫ਼ੀਸਦੀ ਹੈ।
ਅੰਕੜਿਆਂ ਅਨੁਸਾਰ, ਸਭ ਤੋਂ ਵੱਧ 389 ਅਸਾਮੀਆਂ ਨਰਸਿੰਗ ਅਫ਼ਸਰ ਦੀਆਂ ਖਾਲੀ ਹਨ। ਇਸ ਕੈਡਰ ਵਿੱਚ 2,265 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ ਸਿਰਫ਼ 1,876 ’ਤੇ ਮੁਲਾਜ਼ਮ ਤਾਇਨਾਤ ਹਨ। ਇਸੇ ਤਰ੍ਹਾਂ ਸੀਨੀਅਰ ਨਰਸਿੰਗ ਅਫ਼ਸਰ ਦੀਆਂ 590 ਅਸਾਮੀਆਂ ਵਿੱਚੋਂ 132 ਖਾਲੀ ਹਨ।
ਪ੍ਰਬੰਧਕੀ ਪੱਧਰ ’ਤੇ ਵੀ ਘਾਟ ਗੰਭੀਰ ਹੈ। ਅਸਿਸਟੈਂਟ ਨਰਸਿੰਗ ਸੁਪਰਡੈਂਟ ਦੀਆਂ 82 ਵਿੱਚੋਂ 30 ਅਤੇ ਡਿਪਟੀ ਨਰਸਿੰਗ ਸੁਪਰਡੈਂਟ ਦੀਆਂ 24 ਵਿੱਚੋਂ 20 ਅਸਾਮੀਆਂ ਖਾਲੀ ਪਈਆਂ ਹਨ। ਨਰਸਿੰਗ ਸੁਪਰਡੈਂਟ ਦੀਆਂ ਦੋ ਅਸਾਮੀਆਂ ਵਿੱਚੋਂ ਵੀ ਇੱਕ ਖਾਲੀ ਹੈ।
ਪੀ.ਜੀ.ਆਈ. ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਸਮੇਤ ਕਈ ਰਾਜਾਂ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਪਹੁੰਚਦੇ ਹਨ। ਅਜਿਹੇ ਵਿੱਚ ਨਰਸਿੰਗ ਸਟਾਫ਼ ਦੀ ਘਾਟ ਮਰੀਜ਼ਾਂ ਦੀ ਦੇਖਭਾਲ ਅਤੇ ਹਸਪਤਾਲ ਦੀਆਂ ਰੋਜ਼ਾਨਾ ਸੇਵਾਵਾਂ ’ਤੇ ਵਾਧੂ ਦਬਾਅ ਪਾ ਸਕਦੀ ਹੈ। ਹੁਣ ਖਾਲੀ ਅਸਾਮੀਆਂ ਭਰਨ ਲਈ ਭਰਤੀ ਪ੍ਰਕਿਰਿਆ ਤੇਜ਼ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।





