ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਨਵੀਂ ਡਿਜੀਟਲ ਪਹਿਲ ਕੀਤੀ ਹੈ। ਹੁਣ ਯਾਤਰੀ ਰੇਲਵੇ ਸਟੇਸ਼ਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਕੁਲੀ ਅਤੇ ਵ੍ਹੀਲਚੇਅਰ ਦੀ ਆਨਲਾਈਨ ਬੁਕਿੰਗ ਕਰ ਸਕਣਗੇ। ਇਸ ਨਾਲ ਖ਼ਾਸ ਤੌਰ ’ਤੇ ਬਜ਼ੁਰਗਾਂ, ਦਿਵਿਆਂਗਾਂ ਅਤੇ ਬਿਮਾਰ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

ਰੇਲਵੇ ਦੀ ਇਹ ਸਹੂਲਤ 16 ਨਵੰਬਰ 2026 ਤੋਂ ਅਜਮੇਰ ਰੇਲਵੇ ਮੰਡਲ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਤਹਿਤ ਮੋਬਾਈਲ ਐਪ ਅਤੇ ਅਧਿਕਾਰਤ ਵੈੱਬਸਾਈਟ ਰਾਹੀਂ ਪਹਿਲਾਂ ਤੋਂ ਸੇਵਾਵਾਂ ਬੁੱਕ ਕੀਤੀਆਂ ਜਾ ਸਕਣਗੀਆਂ। ਜੇਕਰ ਇਹ ਪ੍ਰਯੋਗ ਸਫਲ ਰਹਿੰਦਾ ਹੈ ਤਾਂ ਇਸ ਨੂੰ ਦੇਸ਼ ਦੇ ਹੋਰ ਰੇਲਵੇ ਸਟੇਸ਼ਨਾਂ ’ਤੇ ਵੀ ਲਾਗੂ ਕੀਤਾ ਜਾ ਸਕਦਾ ਹੈ।

PNR ਨੰਬਰ ਰਾਹੀਂ ਬੁੱਕ ਹੋਵੇਗੀ ਵ੍ਹੀਲਚੇਅਰ ਈ-ਵ੍ਹੀਲਚੇਅਰ ਬੁੱਕ ਕਰਨ ਲਈ ਯਾਤਰੀਆਂ ਨੂੰ IRCTC Tourism ਦੀ ਵੈੱਬਸਾਈਟ irctctourism.com ’ਤੇ ਜਾਣਾ ਹੋਵੇਗਾ। ਉੱਥੇ 'More' ਜਾਂ 'Services' ਵਿੱਚ 'At Stations' ਸੈਕਸ਼ਨ ਤੋਂ 'E-Wheelchair' ਦਾ ਵਿਕਲਪ ਚੁਣ ਕੇ 10 ਅੰਕਾਂ ਵਾਲਾ PNR ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਬੋਰਡਿੰਗ ਜਾਂ ਮੰਜ਼ਿਲ ਵਾਲੇ ਸਟੇਸ਼ਨ ਦੀ ਚੋਣ ਕਰਕੇ ਬੁਕਿੰਗ ਕੀਤੀ ਜਾ ਸਕੇਗੀ।

ਕੁਲੀ ਦੀ ਬੁਕਿੰਗ ਵੀ ਹੋਵੇਗੀ ਆਨਲਾਈਨ ਰੇਲਵੇ ਦੀ ਨਵੀਂ ਵਿਵਸਥਾ ਤਹਿਤ ਕੁਲੀ ਦੀ ਸੇਵਾ ਵੀ ਪਹਿਲਾਂ ਤੋਂ ਬੁੱਕ ਕੀਤੀ ਜਾ ਸਕੇਗੀ। ਇਹ ਸਹੂਲਤ ਟ੍ਰੇਨ ਦੀ ਟਿਕਟ ਦੇ PNR ਨੰਬਰ ਨਾਲ ਜੋੜੀ ਜਾਵੇਗੀ, ਤਾਂ ਜੋ ਕੁਲੀ ਨੂੰ ਯਾਤਰੀ ਦੀ ਟ੍ਰੇਨ ਦੇ ਆਉਣ-ਜਾਣ ਦੇ ਸਮੇਂ ਅਤੇ ਹੋਰ ਜ਼ਰੂਰੀ ਜਾਣਕਾਰੀ ਮਿਲ ਸਕੇ।

ਇਸ ਪਹਿਲ ਨਾਲ ਯਾਤਰੀਆਂ ਨੂੰ ਸਟੇਸ਼ਨ ’ਤੇ ਕੁਲੀ ਲੱਭਣ ਅਤੇ ਵ੍ਹੀਲਚੇਅਰ ਲਈ ਇੰਤਜ਼ਾਰ ਕਰਨ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ। ਖ਼ਾਸ ਤੌਰ ’ਤੇ ਬਜ਼ੁਰਗਾਂ, ਦਿਵਿਆਂਗਾਂ ਅਤੇ ਭਾਰੀ ਸਾਮਾਨ ਨਾਲ ਸਫ਼ਰ ਕਰਨ ਵਾਲੇ ਲੋਕਾਂ ਲਈ ਇਹ ਸਹੂਲਤ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ।