ਅਮਰੀਕੀ ਮਿਡਟਰਮ ਚੋਣਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ੋਰਦਾਰ ਤੇਜ਼ੀ ਦਰਜ ਕੀਤੀ ਗਈ। ਕੌਮਾਂਤਰੀ ਬਾਜ਼ਾਰ ਤੋਂ ਲੈ ਕੇ ਭਾਰਤੀ ਵਾਇਦਾ ਬਾਜ਼ਾਰ ਤੱਕ ਕੀਮਤੀ ਧਾਤਾਂ ਦੇ ਭਾਅ ਵਧ ਗਏ। ਕੌਮਾਂਤਰੀ ਬਾਜ਼ਾਰ COMEX ਵਿੱਚ ਸੋਨੇ ਦੀ ਕੀਮਤ 2 ਫ਼ੀਸਦੀ ਵਧ ਕੇ 4,017 ਡਾਲਰ ਪ੍ਰਤੀ ਔਂਸ ਤੋਂ ਪਾਰ ਪਹੁੰਚ ਗਈ, ਜਦਕਿ ਚਾਂਦੀ 3.03 ਫ਼ੀਸਦੀ ਦੇ ਵਾਧੇ ਨਾਲ 51 ਡਾਲਰ ਪ੍ਰਤੀ ਔਂਸ ਤੋਂ ਉੱਪਰ ਚਲੀ ਗਈ।

ਭਾਰਤੀ ਬਾਜ਼ਾਰ MCX 'ਤੇ ਸਵੇਰੇ 11:45 ਵਜੇ ਤੱਕ ਸੋਨਾ 1.73 ਫ਼ੀਸਦੀ ਯਾਨੀ 2,500 ਰੁਪਏ ਵਧ ਕੇ 1,41,990 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸੇ ਤਰ੍ਹਾਂ ਚਾਂਦੀ 3.10 ਫ਼ੀਸਦੀ ਯਾਨੀ 5,575 ਰੁਪਏ ਮਹਿੰਗੀ ਹੋ ਕੇ 1,85,499 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਕਮੋਡਿਟੀ ਮਾਹਿਰ ਅਨੁਜ ਗੁਪਤਾ ਮੁਤਾਬਕ, ਅਮਰੀਕੀ ਚੋਣ ਨਤੀਜਿਆਂ ਨੇ ਬਾਜ਼ਾਰ ਦੀ ਦਿਸ਼ਾ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਅਨੁਸਾਰ ਟਰੰਪ ਦੀ ਪਾਰਟੀ ਦੀ ਹਾਰ ਤੋਂ ਬਾਅਦ ਮੱਧ ਪੂਰਬ ਵਿੱਚ ਜਾਰੀ ਜੰਗ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਸਬੰਧੀ ਚਰਚਾ ਵੀ ਬਾਜ਼ਾਰ ਦੀ ਚਾਲ ਨੂੰ ਪ੍ਰਭਾਵਿਤ ਕਰ ਰਹੀ ਹੈ।