ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਸਥਿਤ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਬ੍ਰਾਂਚ ਦੇ ਬਾਹਰ ਲੱਗੇ ATM ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ। ਮੁਲਜ਼ਮਾਂ ਨੇ ਸ਼ਟਰ ਦਾ ਤਾਲਾ ਤੋੜ ਕੇ ATM ਮਸ਼ੀਨ ਦੀ ਭੰਨ-ਤੋੜ ਕੀਤੀ ਅਤੇ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋਣ 'ਤੇ ਮੌਕੇ ਤੋਂ ਫਰਾਰ ਹੋ ਗਏ।

ਬੈਂਕ ਮੈਨੇਜਰ ਮੋਹਿਤ ਕੁਮਾਰ ਮੁਤਾਬਕ, ਬੁੱਧਵਾਰ ਸਵੇਰੇ ਕਰੀਬ 6 ਵਜੇ ਜਦੋਂ ਬੈਂਕ ਦਾ ਗਾਰਡ ATM ਖੋਲ੍ਹਣ ਪਹੁੰਚਿਆ ਤਾਂ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ। ਇਸ ਤੋਂ ਇਲਾਵਾ ATM ਦੇ ਬਾਹਰ ਲੱਗੇ CCTV ਕੈਮਰੇ ਵੀ ਨੁਕਸਾਨੇ ਹੋਏ ਮਿਲੇ। ਗਾਰਡ ਨੇ ਤੁਰੰਤ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੁੱਢਲੀ ਜਾਣਕਾਰੀ ਅਨੁਸਾਰ ਵਾਰਦਾਤ ਤੜਕੇ ਕਰੀਬ ਡੇਢ ਵਜੇ ਵਾਪਰੀ।

ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ। ਫਿਲਹਾਲ ATM ਵਿੱਚ ਮੌਜੂਦ ਨਕਦੀ ਅਤੇ ਹੋਏ ਨੁਕਸਾਨ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।