ਤੇਲੰਗਾਨਾ ਪੁਲਿਸ ਨੇ ਹੈਦਰਾਬਾਦ ਵਿੱਚ ਜਾਅਲੀ ਨੋਟ ਛਾਪਣ ਅਤੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 500 ਰੁਪਏ ਦੇ ਕੁੱਲ 6.78 ਕਰੋੜ ਰੁਪਏ ਦੇ ਜਾਅਲੀ ਨੋਟ ਅਤੇ ਨੋਟ ਛਾਪਣ ਵਾਲੇ ਉਪਕਰਨ ਬਰਾਮਦ ਕੀਤੇ ਹਨ।

ਪੁਲਿਸ ਕਮਿਸ਼ਨਰ ਤਰੁਣ ਜੋਸ਼ੀ ਮੁਤਾਬਕ, 1 ਨਵੰਬਰ ਨੂੰ ਅਬਦੁੱਲਾਪੁਰਮੇਟ ਪੁਲਿਸ ਅਤੇ ਸ਼ਾਦਨਗਰ ਸਪੈਸ਼ਲ ਆਪਰੇਸ਼ਨਜ਼ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਨੈਸ਼ਨਲ ਹਾਈਵੇਅ-65 'ਤੇ ਰਾਮੋਜੀ ਫ਼ਿਲਮ ਸਿਟੀ ਨੇੜੇ ਇੱਕ ਕਾਰ ਵਿੱਚ ਸਵਾਰ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਦੁਪੋਜੂ ਕਰਨਾਕਰ, ਚਿਨੋਲਾ ਮਾਣਿਕਿਆ ਰੈੱਡੀ, ਚੇਰੁਕੁਪੱਲੀ ਰਤਨਾਕਰ ਰੈੱਡੀ ਅਤੇ ਕਰਨਮ ਅਜੈ ਕੁਮਾਰ ਵਜੋਂ ਹੋਈ ਹੈ।

ਜਾਂਚ ਦੌਰਾਨ ਪੁਲਿਸ ਨੂੰ ਕੁੰਟਲੂਰ ਵਿੱਚ ਕਿਰਾਏ ਦੇ ਮਕਾਨ ਵਿੱਚ ਚੱਲ ਰਹੀ ਜਾਅਲੀ ਨੋਟ ਛਾਪਣ ਦੀ ਫੈਕਟਰੀ ਦਾ ਪਤਾ ਲੱਗਾ। ਉੱਥੋਂ ਪ੍ਰਿੰਟਰ, ਲੈਪਟਾਪ, ਨੋਟ ਕੱਟਣ ਵਾਲੀਆਂ ਮਸ਼ੀਨਾਂ ਅਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ। ਪੁਲਿਸ ਮੁਤਾਬਕ, ਮੁਲਜ਼ਮ ਨਕਲੀ ਪੁਲਿਸ ਪਛਾਣ ਪੱਤਰਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਡਰਾਉਣ ਅਤੇ ਠੱਗਣ ਦਾ ਕੰਮ ਵੀ ਕਰਦੇ ਸਨ।

ਜਾਂਚ ਵਿੱਚ ਸਾਹਮਣੇ ਆਇਆ ਕਿ ਗਿਰੋਹ ਦੇ ਮੈਂਬਰ ਇੱਕ ਲੱਖ ਰੁਪਏ ਦੇ ਅਸਲੀ ਨੋਟਾਂ ਬਦਲੇ 3 ਤੋਂ 4 ਲੱਖ ਰੁਪਏ ਦੇ ਜਾਅਲੀ ਨੋਟ ਦੇਣ ਦਾ ਲਾਲਚ ਦਿੰਦੇ ਸਨ। ਇਸ ਤੋਂ ਇਲਾਵਾ, ਉਹ ਪਹਿਲਾਂ ਖਰੀਦਦਾਰਾਂ ਦਾ ਭਰੋਸਾ ਜਿੱਤਦੇ ਅਤੇ ਬਾਅਦ ਵਿੱਚ ਆਪਣੇ ਸਾਥੀਆਂ ਨੂੰ ਪੁਲਿਸ ਅਧਿਕਾਰੀ ਬਣਾ ਕੇ ਮੌਕੇ 'ਤੇ ਭੇਜ ਦਿੰਦੇ ਸਨ। ਫਰਜ਼ੀ ਪੁਲਿਸ ਅਧਿਕਾਰੀ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਕੇ ਖਰੀਦਦਾਰਾਂ ਦੇ ਅਸਲੀ ਪੈਸੇ ਲੈ ਕੇ ਫ਼ਰਾਰ ਹੋ ਜਾਂਦੇ ਸਨ। ਪੁਲਿਸ ਅਨੁਸਾਰ, ਅਜਿਹੀਆਂ ਦੋ ਵਾਰਦਾਤਾਂ ਵਿੱਚ ਗਿਰੋਹ 2 ਲੱਖ ਅਤੇ 3 ਲੱਖ ਰੁਪਏ ਦੀ ਠੱਗੀ ਕਰ ਚੁੱਕਾ ਸੀ। ਮਾਮਲੇ ਵਿੱਚ ਹੋਰ ਮੁਲਜ਼ਮਾਂ ਦੀ ਭਾਲ ਲਈ ਜਾਂਚ ਜਾਰੀ ਹੈ।