ਲੁਧਿਆਣਾ : ਮਾਡਲ ਟਾਊਨ ਐਕਸਟੇਂਸ਼ਨ ਕ੍ਰਿਸ਼ਨਾ ਮੰਦਿਰ ਦੇ ਸਾਹਮਣੇ ਵਾਲੀ ਗਲੀ ਚ ਇੱਕ ਵੱਡੇ ਕਾਰੋਬਾਰੀ ਦੇ ਘਰ ਚਲ ਰਹੇ ਜੂਏ ਦੌਰਾਨ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ | ਹਾਲਾਂਕਿ ਪੁਲਿਸ ਵਲੋਂ ਕੋਈ ਕੇਸ ਨਹੀਂ ਦਰਜ ਕੀਤਾ ਗਿਆ ਅਤੇ ਮਾਮਲੇ ਨੂੰ ਮੌਕੇ ਤੇ ਹੀ ਨਿਬੇੜ ਦਿੱਤਾ |
ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਮੀ ਕਾਰੋਬਾਰੀ ਦੇ ਘਰ ਦੀ ਪਹਿਲੀ ਮੰਜ਼ਿਲ ਤੇ ਦੀਵਾਲੀ ਦੇ ਦਿਨਾਂ ਚ ਵੱਡਾ ਜੂਆ ਚਲਦਾ ਹੈ | ਸ਼ਹਿਰ ਦੇ ਕਈ ਕਾਰੋਬਾਰੀ ਇਸ ਘਰ ਚ ਜੂਆ ਖੇਡਣ ਆਉਂਦੇ ਹਨ | ਪੂਰੇ ਮੁਹੱਲੇ ਚ ਵੀ ਇਹ ਗੱਲ ਮਸ਼ਹੂਰ ਹੈ ਕਿ "ਭਾਬੀ " ਦੇ ਘਰ ਪੂਰੀ ਰਾਤ ਜੂਆ ਚਲਦਾ ਹੈ |
ਐਤਵਾਰ ਰਾਤ ਨੂੰ ਸਿਵਲ ਕੱਪੜਿਆਂ ਚ ਪੁਲਿਸ ਮੁਲਾਜ਼ਮ ਆਉਂਦੇ ਨੇ ਅਤੇ ਲੋਕਾਂ ਨੂੰ ਜੂਆ ਖੇਡਦੇ ਹੋਏ ਫੜਿਆ ਜਾਂਦਾ ਹੈ | ਬਦਨਾਮੀ ਦੇ ਡਰ ਤੋਂ ਜੂਆ ਖੇਡਣ ਵਾਲਿਆਂ ਅਤੇ ਘਰ ਦੇ ਮਾਲਕ ਵਲੋਂ ਪੁਲਿਸ ਨਾਲ ਮੌਕੇ ਤੇ ਹੀ ਸੈਟਿੰਗ ਕੀਤੀ ਗਈ | ਹਾਲਾਂਕਿ ਇਸ ਛਾਪੇ ਦੀ ਜਾਣਕਾਰੀ ਵੱਡੇ ਅਫਸਰਾਂ ਤੱਕ ਵੀ ਪਹੁੰਚ ਗਈ ਅਤੇ ਉਹਨਾਂ ਨੇ ਸੀਸੀਟੀਵੀ ਫੁਟੇਜ ਵੀ ਕਢਵਾ ਲਈ |
ਫਿਲਹਾਲ ਪੁਲਿਸ ਵਲੋਂ ਛਾਪੇਮਾਰੀ ਤੋਂ ਇਨਕਾਰ ਵੀ ਕੀਤਾ ਗਿਆ ਪਰ ਕੁਝ ਲੋਕਾਂ ਨੇ ਕੈਮਰੇ ਦੀ ਫੁਟੇਜ ਅਤੇ ਹੋਰ ਸਬੂਤ ਵੱਡੇ ਅਫਸਰਾਂ ਨੂੰ ਦੇ ਦਿੱਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਵੀ ਘਰ ਚ ਜੂਆ ਚਲ ਰਿਹਾ ਹੈ ਪਰ ਹੁਣ ਐਂਟਰੀ ਬਹੁਤ ਹੀ ਖਾਸ ਅਤੇ ਚੁਣਿੰਦਾ ਲੋਕਾਂ ਦੀ ਹੈ |





