ਕਰਨਾਟਕ ਦੇ ਯੇਲਹੰਕਾ ਵਿੱਚ ਇੱਕ ਫੈਕਟਰੀ ਮਾਲਕ ਵੱਲੋਂ ਆਪਣੇ ਹੀ ਕਰਮਚਾਰੀ ਦੀ ਕ੍ਰਿਕਟ ਬੈਟ ਨਾਲ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਕਰਮਚਾਰੀ ਨੂੰ ਆਪਣੀ ਧੀ ਨਾਲ ਘਰ ਵਿੱਚ ਦੇਖ ਲਿਆ ਸੀ। ਮ੍ਰਿਤਕ ਦੀ ਪਛਾਣ ਕੇਰਲ ਵਾਸੀ ਕਿਰਨ ਵਜੋਂ ਹੋਈ ਹੈ, ਜਦਕਿ ਮੁਲਜ਼ਮ ਫੈਕਟਰੀ ਮਾਲਕ ਆਨੰਦ ਰਾਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਕਿਰਨ ਦੇ ਆਨੰਦ ਰਾਜ ਦੀ ਧੀ ਨਾਲ ਸਬੰਧ ਸਨ, ਜਿਸ ਕਾਰਨ ਮਾਲਕ ਨਾਰਾਜ਼ ਸੀ। ਸੋਮਵਾਰ ਨੂੰ ਆਨੰਦ ਰਾਜ ਨੇ ਧੀ ਨੂੰ ਆਪਣੇ ਪਿੰਡ ਤਾਮਿਲਨਾਡੂ ਜਾਣ ਦੀ ਗੱਲ ਕਹੀ, ਪਰ ਬਾਅਦ ਵਿੱਚ ਪਤਨੀ ਨਾਲ ਘਰ ਵਾਪਸ ਆ ਗਿਆ। ਉੱਥੇ ਉਸ ਨੇ ਕਿਰਨ ਨੂੰ ਆਪਣੀ ਧੀ ਨਾਲ ਇੱਕ ਕਮਰੇ ਵਿੱਚ ਦੇਖ ਲਿਆ।

ਇਸ ਤੋਂ ਬਾਅਦ ਮੁਲਜ਼ਮ ਨੇ ਆਪਣੀ ਧੀ ਨੂੰ ਮਾਂ ਨਾਲ ਚਿੱਕਬੱਲਾਪੁਰ ਸਥਿਤ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ, ਜਦਕਿ ਕਿਰਨ ਨੂੰ ਘਰ ਵਿੱਚ ਹੀ ਰੋਕ ਲਿਆ। ਦੋਸ਼ ਹੈ ਕਿ ਉਸ ਨੇ ਪੂਰੀ ਰਾਤ ਕ੍ਰਿਕਟ ਬੈਟ ਨਾਲ ਕਿਰਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਅਗਲੇ ਦਿਨ ਦੁਪਹਿਰ ਮੁਲਜ਼ਮ ਨੇ ਕਿਰਨ ਦੇ ਪੇਟ ਦੇ ਹੇਠਲੇ ਹਿੱਸੇ ਵਿੱਚ ਲੱਤ ਮਾਰੀ, ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਮੁਲਜ਼ਮ ਉਸ ਨੂੰ ਆਟੋ-ਰਿਕਸ਼ਾ ਰਾਹੀਂ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਯੇਲਹੰਕਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਆਨੰਦ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।