ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਕੇਅਰ ਵਰਕਰਾਂ ਲਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਮਈ 2025 ਤੋਂ ਪਹਿਲਾਂ ਬ੍ਰਿਟੇਨ ਪਹੁੰਚੇ ਯੋਗ ਸੋਸ਼ਲ ਅਤੇ ਹੋਮ ਕੇਅਰ ਵਰਕਰ ਹੁਣ 15 ਸਾਲਾਂ ਦੀ ਬਜਾਏ ਸਿਰਫ਼ ਪੰਜ ਸਾਲਾਂ ਵਿੱਚ ਪੱਕੀ ਰਿਹਾਇਸ਼ (PR) ਹਾਸਲ ਕਰ ਸਕਣਗੇ। ਇਸ ਫ਼ੈਸਲੇ ਨਾਲ ਹਜ਼ਾਰਾਂ ਭਾਰਤੀ ਕਾਮਿਆਂ ਨੂੰ ਲਾਭ ਮਿਲਣ ਦੀ ਉਮੀਦ ਹੈ।

2 ਨਵੰਬਰ 2026 ਨੂੰ ਅੰਤਿਮ ਕੀਤੇ ਨਿਯਮਾਂ ਮੁਤਾਬਕ, ਸਾਲਾਨਾ ਘੱਟੋ-ਘੱਟ 25,000 ਪੌਂਡ ਕਮਾਉਣ ਵਾਲੇ ਯੋਗ ਕੇਅਰ ਵਰਕਰ ਪੰਜ ਸਾਲ ਦੀ ਰਿਹਾਇਸ਼ ਪੂਰੀ ਕਰਨ ਤੋਂ ਬਾਅਦ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਣਗੇ।

ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਾਰਨ ਪ੍ਰਭਾਵਿਤ ਹੋਏ ਕੁਝ ਕਾਮਿਆਂ ਨੂੰ ਵੀ ਦੂਜਾ ਮੌਕਾ ਦਿੱਤਾ ਜਾਵੇਗਾ। ਅਜਿਹੇ ਕਾਮਿਆਂ ਲਈ ਨਵੀਂ ਪੰਜ ਸਾਲਾਂ ਦੀ ਯੋਗਤਾ ਮਿਆਦ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਹੁਣ ਤੱਕ ਸ਼ੋਸ਼ਣ ਕਰਨ ਵਾਲੇ ਲਗਭਗ 1,800 ਰੁਜ਼ਗਾਰਦਾਤਾਵਾਂ ਦੇ ਲਾਇਸੈਂਸ ਰੱਦ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਅਕਤੂਬਰ 2020 ਤੋਂ ਜੁਲਾਈ 2025 ਤੱਕ ਚੱਲੀ ਹੈਲਥ ਐਂਡ ਕੇਅਰ ਵਰਕਰ ਵੀਜ਼ਾ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਭਾਰਤੀ, ਖ਼ਾਸ ਕਰਕੇ ਕੇਰਲ ਦੇ ਲੋਕ, ਬ੍ਰਿਟੇਨ ਗਏ ਸਨ। ਕਈ ਭਾਰਤੀ ਕੇਅਰ ਵਰਕਰਾਂ ਨੇ ਉੱਥੇ ਤਨਖ਼ਾਹ ਨਾ ਮਿਲਣ, ਗੈਰ-ਕਾਨੂੰਨੀ ਭਰਤੀ ਫੀਸਾਂ ਵਸੂਲਣ ਅਤੇ ਧਮਕੀਆਂ ਦੇ ਕੇ ਸ਼ੋਸ਼ਣ ਕਰਨ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਸਨ।