ਧਨਤੇਰਸ ਅਤੇ ਦੀਵਾਲੀ ਮੌਕੇ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਨੂੰ ਹੁਣ ਹੋਲਮਾਰਕਿੰਗ ਫੀਸ ਲਈ ਵੀ ਵੱਧ ਪੈਸੇ ਖਰਚਣੇ ਪੈਣਗੇ। ਭਾਰਤੀ ਮਿਆਰ ਬਿਊਰੋ (BIS) ਦੇ ਨਵੇਂ ਨਿਯਮਾਂ ਤਹਿਤ 14 ਸਤੰਬਰ 2026 ਤੋਂ ਪ੍ਰਤੀ ਸੋਨੇ ਦੀ ਜਿਊਲਰੀ ਆਈਟਮ ਦੀ ਫੀਸ 45 ਰੁਪਏ ਤੋਂ ਵਧਾ ਕੇ 75 ਰੁਪਏ ਪਲੱਸ GST ਕਰ ਦਿੱਤੀ ਗਈ ਹੈ। ਹਾਲਾਂਕਿ, ਕੁਝ ਖ਼ਾਸ ਸ਼੍ਰੇਣੀਆਂ ਦੀਆਂ ਵਸਤੂਆਂ ਨੂੰ ਲਾਜ਼ਮੀ ਹੋਲਮਾਰਕਿੰਗ ਤੋਂ ਛੋਟ ਹਾਸਲ ਹੈ।

BIS ਦੇ ਨਿਯਮਾਂ ਅਨੁਸਾਰ 2 ਗ੍ਰਾਮ ਤੋਂ ਘੱਟ ਵਜ਼ਨ ਵਾਲੇ ਗਹਿਣਿਆਂ ’ਤੇ ਲਾਜ਼ਮੀ ਹੋਲਮਾਰਕਿੰਗ ਲਾਗੂ ਨਹੀਂ ਹੁੰਦੀ। ਇਸ ਤੋਂ ਇਲਾਵਾ ਕੁੰਦਨ, ਪੋਲਕੀ ਅਤੇ ਜੜਾਊ ਜਿਊਲਰੀ ਵੀ ਇਸ ਦੇ ਦਾਇਰੇ ਤੋਂ ਬਾਹਰ ਹੈ। ਸੋਨੇ ਦੇ ਸਿੱਕੇ, ਬਾਰ, ਪਲੇਟਾਂ, ਸ਼ੀਟਾਂ, ਫੋਇਲ, ਤਾਰਾਂ, ਟਿਊਬਾਂ ਅਤੇ ਧਾਗਿਆਂ ਨੂੰ ਵੀ ਇਸ ਤੋਂ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਮੈਡੀਕਲ ਅਤੇ ਉਦਯੋਗਿਕ ਵਰਤੋਂ ਵਾਲੀਆਂ ਵਸਤੂਆਂ, ਐਕਸਪੋਰਟ ਲਈ ਤਿਆਰ ਗਹਿਣੇ, ਸੋਨੇ ਦੀਆਂ ਘੜੀਆਂ, ਫਾਊਂਟੇਨ ਪੈੱਨ ਅਤੇ B2B ਪ੍ਰਦਰਸ਼ਨੀਆਂ ਲਈ ਰੱਖੀ ਜਿਊਲਰੀ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਹੈ।

ਬਾਲੀਆਂ ਅਤੇ ਹੋਰ ਗਹਿਣਿਆਂ ਦੇ ਵੱਖਰੇ ਹਿੱਸਿਆਂ ਲਈ HUID ਜ਼ਰੂਰੀ BIS ਦੇ ਨਿਯਮਾਂ ਮੁਤਾਬਕ ਗਹਿਣਿਆਂ ਦੇ ਹਰੇਕ ਵੱਖ ਕੀਤੇ ਜਾ ਸਕਣ ਵਾਲੇ ਹਿੱਸੇ ਅਤੇ ਜੋੜੇ ਵਿੱਚ ਵਿਕਣ ਵਾਲੀ ਹਰੇਕ ਵਸਤੂ ਲਈ ਵੱਖਰਾ HUID ਹੋਣਾ ਚਾਹੀਦਾ ਹੈ। ਉਦਾਹਰਨ ਵਜੋਂ, ਜੇਕਰ ਕੰਨਾਂ ਦੀ ਬਾਲੀ ਦਾ ਮੁੱਖ ਹਿੱਸਾ 2 ਗ੍ਰਾਮ ਤੋਂ ਵੱਧ ਹੈ ਪਰ ਪੇਚ 2 ਗ੍ਰਾਮ ਤੋਂ ਘੱਟ ਹੈ ਤਾਂ ਮੁੱਖ ਹਿੱਸੇ ਦੀ ਹੋਲਮਾਰਕਿੰਗ ਲਾਜ਼ਮੀ ਹੋਵੇਗੀ, ਜਦਕਿ ਛੋਟੇ ਪੇਚ ਨੂੰ ਛੋਟ ਮਿਲ ਸਕਦੀ ਹੈ। ਖਰੀਦਦਾਰੀ ਸਮੇਂ ਬਿੱਲ ਦੀ ਜਾਂਚ ਜ਼ਰੂਰ ਕਰੋ ਹੋਲਮਾਰਕਿੰਗ ਸੈਂਟਰ ਨੂੰ ਦਿੱਤੀ ਜਾਣ ਵਾਲੀ ਫੀਸ ਆਮ ਤੌਰ ’ਤੇ ਜਿਊਲਰ ਵੱਲੋਂ ਗਾਹਕ ਦੇ ਬਿੱਲ ਵਿੱਚ ਸ਼ਾਮਲ ਕੀਤੀ ਜਾਂਦੀ ਹੈ। ਇਸ ਲਈ ਗਹਿਣੇ ਖਰੀਦਣ ਸਮੇਂ ਸਿਰਫ਼ ਸੋਨੇ ਦੀ ਕੀਮਤ ਅਤੇ ਮੇਕਿੰਗ ਚਾਰਜ ਹੀ ਨਹੀਂ, ਸਗੋਂ ਵਜ਼ਨ, ਸ਼ੁੱਧਤਾ, ਵੇਸਟੇਜ ਅਤੇ ਹੋਲਮਾਰਕਿੰਗ ਫੀਸ ਦਾ ਵੇਰਵਾ ਵੀ ਧਿਆਨ ਨਾਲ ਦੇਖੋ। ਇਸ ਨਾਲ ਬਿੱਲ ਵਿੱਚ ਲੱਗਣ ਵਾਲੇ ਵਾਧੂ ਖਰਚਿਆਂ ਦੀ ਪੂਰੀ ਜਾਣਕਾਰੀ ਮਿਲ ਸਕੇਗੀ।