ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਰੇਲਵੇ ਟਰੈਕ ’ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਦੇ ਗੁਰਦਾਸਪੁਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਸਥਾਨ ਪੁਲਿਸ ਨੇ ਮਹਿਕਪ੍ਰੀਤ ਕੌਰ ਅਤੇ ਉਸ ਦੇ ਸਾਥੀ ਦਵਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨੇ ਪੈਸਿਆਂ ਅਤੇ ਪ੍ਰੇਮ ਜਾਲ ਰਾਹੀਂ ਮਹਿਕਪ੍ਰੀਤ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਧਮਾਕੇ ਦੀ ਸਾਜ਼ਿਸ਼ ਰਚੀ ਸੀ। 3 ਨਵੰਬਰ ਨੂੰ ਸ੍ਰੀਗੰਗਾਨਗਰ ਦੇ ਰਾਮਸਿੰਘਪੁਰ ਥਾਣਾ ਖੇਤਰ ਵਿੱਚ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਮਾਰਗ ’ਤੇ ਪਿੰਡ 50 ਜੀਬੀ ਨੇੜੇ ਧਮਾਕਾ ਹੋਇਆ ਸੀ। ਜਾਂਚ ਦੌਰਾਨ ਪੰਜਾਬ ਦੇ ਸਰਹੱਦੀ ਇਲਾਕਿਆਂ ਨਾਲ ਸਬੰਧ ਸਾਹਮਣੇ ਆਉਣ ’ਤੇ ਰਾਜਸਥਾਨ ਪੁਲਿਸ ਦੀ ਟੀਮ ਗੁਰਦਾਸਪੁਰ ਪਹੁੰਚੀ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵੇਂ ਮੁਲਜ਼ਮ ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਦੋਸਤਪੁਰ ਅਤੇ ਚੌੜਾਂ ਕਲਾਂ ਦੇ ਰਹਿਣ ਵਾਲੇ ਹਨ।

ਪੁਲਿਸ ਮੁਤਾਬਕ ਪਾਕਿਸਤਾਨ ਵਿੱਚ ਬੈਠੇ ਹੈਂਡਲਰ ਸ਼ਾਹ ਨੇ ਮਹਿਕਪ੍ਰੀਤ ਦੇ ਬੈਂਕ ਖਾਤੇ ਵਿੱਚ ਇਕ ਲੱਖ ਰੁਪਏ ਆਨਲਾਈਨ ਭੇਜੇ ਸਨ। ਇਸ ਵਿੱਚੋਂ 30 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਹਿਕਪ੍ਰੀਤ ਦੇ ਜੇਲ੍ਹ ਵਿੱਚ ਬੰਦ ਸਾਬਕਾ ਪਤੀ ਨੇ ਉਸ ਦੀ ਜਾਣ-ਪਛਾਣ ਪਾਕਿਸਤਾਨੀ ਹੈਂਡਲਰ ਲਵਲੀ ਨਾਲ ਕਰਵਾਈ ਸੀ। ਗੁਰਦਾਸਪੁਰ ਦੇ ਐੱਸਐੱਸਪੀ ਆਦਿੱਤਿਆ ਅਨੁਸਾਰ ਦੋਵੇਂ ਮੁਲਜ਼ਮ ਤਿੰਨ ਵਾਰ ਰਾਜਸਥਾਨ ਗਏ ਸਨ। 6 ਅਤੇ 12 ਅਕਤੂਬਰ ਨੂੰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਏ, ਜਦਕਿ ਤੀਜੀ ਵਾਰ ਧਮਾਕੇ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ 9 ਐੱਮਐੱਮ ਅਤੇ 30 ਬੋਰ ਦੇ ਦੋ ਪਿਸਤੌਲਾਂ ਤੇ 40 ਕਾਰਤੂਸ ਵੀ ਬਰਾਮਦ ਕੀਤੇ ਹਨ।

ਦਵਿੰਦਰ ਦੇ ਪਰਿਵਾਰ ਮੁਤਾਬਕ ਉਹ ਕਰੀਬ ਦੋ ਮਹੀਨੇ ਪਹਿਲਾਂ ਮਹਿਕਪ੍ਰੀਤ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਹ 1 ਨਵੰਬਰ ਨੂੰ ਦਿੱਲੀ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਅਤੇ ਪੰਜ ਦਿਨਾਂ ਬਾਅਦ ਵਾਪਸ ਆਇਆ। ਪਰਿਵਾਰ ਨੇ ਦੱਸਿਆ ਕਿ ਉਹ ਮਹਿਕਪ੍ਰੀਤ ਨੂੰ ਇਕ ਲੱਖ ਰੁਪਏ ਦੇਣ ਦੀ ਗੱਲ ਵੀ ਕਰਦਾ ਸੀ। ਮਹਿਕਪ੍ਰੀਤ ਦੇ ਮਾਪਿਆਂ ਮੁਤਾਬਕ ਉਹ ਅਕਸਰ ਕਈ-ਕਈ ਦਿਨ ਘਰੋਂ ਬਾਹਰ ਰਹਿੰਦੀ ਸੀ। ਦੋ ਸਾਲ ਪਹਿਲਾਂ ਉਸ ਨੇ ਪ੍ਰੇਮ ਵਿਆਹ ਕਰਵਾਇਆ ਸੀ, ਪਰ ਛੇ ਮਹੀਨਿਆਂ ਬਾਅਦ ਤਲਾਕ ਹੋ ਗਿਆ ਸੀ। ਦੋਵਾਂ ਪਰਿਵਾਰਾਂ ਨੇ ਧਮਾਕੇ ਅਤੇ ਮੁਲਜ਼ਮਾਂ ਦੀਆਂ ਕਥਿਤ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।