ਅਮਰੀਕਾ ਵਿੱਚ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਮਰੀਕੀ ਸਰਕਾਰ ਨੇ 55 ਸਾਲਾ ਨਿਖਿਲ ਗੁਪਤਾ ਲਈ 24 ਸਾਲ ਦੀ ਕੈਦ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਬਚਾਅ ਪੱਖ ਨੇ 12 ਸਾਲ ਦੀ ਕੈਦ ਅਤੇ ਇਸ ਤੋਂ ਬਾਅਦ ਤਿੰਨ ਸਾਲ ਦੀ ਨਿਗਰਾਨੀ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਹੈ।

ਮੈਨਹਟਨ ਦੀ ਸੰਘੀ ਅਦਾਲਤ ਵਿੱਚ ਦਾਇਰ 20 ਪੰਨਿਆਂ ਦੀ ਅਰਜ਼ੀ ਵਿੱਚ ਅਮਰੀਕੀ ਇਸਤਗਾਸਾ ਪੱਖ ਨੇ ਗੁਪਤਾ ਦੀ ਭੂਮਿਕਾ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਉਹ ਅਮਰੀਕੀ ਧਰਤੀ ’ਤੇ ਇੱਕ ਨਾਗਰਿਕ ਦੇ ਕਤਲ ਦੀ ਵਿਦੇਸ਼ੀ ਸਾਜ਼ਿਸ਼ ਦਾ ਅਹਿਮ ਹਿੱਸਾ ਸੀ। ਸਰਕਾਰ ਨੇ ਦਲੀਲ ਦਿੱਤੀ ਕਿ ਅਜਿਹੇ ਮਾਮਲਿਆਂ ਵਿੱਚ ਸਖ਼ਤ ਸਜ਼ਾ ਦੇ ਕੇ ਸਪੱਸ਼ਟ ਸੰਦੇਸ਼ ਦੇਣਾ ਜ਼ਰੂਰੀ ਹੈ।

ਅਮਰੀਕੀ ਦੋਸ਼ ਪੱਤਰ ਮੁਤਾਬਕ, 2023 ਵਿੱਚ ਨਿਖਿਲ ਗੁਪਤਾ ਨੇ ਭਾਰਤ ਅਤੇ ਹੋਰ ਥਾਵਾਂ ’ਤੇ ਮੌਜੂਦ ਲੋਕਾਂ ਨਾਲ ਮਿਲ ਕੇ ਨਿਊਯਾਰਕ ਵਿੱਚ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਦੋਸ਼ ਹੈ ਕਿ ਉਸ ਨੇ ਭਾਰਤ ਸਰਕਾਰ ਦੇ ਮੁਲਾਜ਼ਮ ਵਿਕਾਸ ਯਾਦਵ ਦੇ ਨਿਰਦੇਸ਼ਾਂ ’ਤੇ ਇੱਕ ਅਮਰੀਕੀ ਗੁਪਤ ਸੂਤਰ ਨਾਲ ਸੰਪਰਕ ਕੀਤਾ ਸੀ। ਇਹ ਸੂਤਰ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਲਈ ਕੰਮ ਕਰ ਰਿਹਾ ਸੀ। ਇਸਤਗਾਸਾ ਪੱਖ ਅਨੁਸਾਰ, ਕਤਲ ਲਈ ਇਕ ਲੱਖ ਡਾਲਰ ਦਾ ਸੌਦਾ ਤੈਅ ਹੋਇਆ ਸੀ ਅਤੇ ਜੂਨ 2023 ਵਿੱਚ 15 ਹਜ਼ਾਰ ਡਾਲਰ ਐਡਵਾਂਸ ਵਜੋਂ ਦਿੱਤੇ ਗਏ ਸਨ।

ਇਸ ਸਾਲ ਦੇ ਸ਼ੁਰੂ ਵਿੱਚ ਨਿਖਿਲ ਗੁਪਤਾ ਨੇ ਕਤਲ ਦੀ ਸਾਜ਼ਿਸ਼ ਰਚਣ, ਇਸ ਵਿੱਚ ਸ਼ਾਮਲ ਹੋਣ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ। ਹੁਣ ਅਮਰੀਕੀ ਸਰਕਾਰ ਵੱਲੋਂ 24 ਸਾਲ ਦੀ ਸਜ਼ਾ ਦੀ ਮੰਗ ਅਤੇ ਬਚਾਅ ਪੱਖ ਵੱਲੋਂ 12 ਸਾਲ ਦੀ ਸਜ਼ਾ ਦੀ ਅਪੀਲ ਤੋਂ ਬਾਅਦ ਅਦਾਲਤ ਦੇ ਫੈਸਲੇ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਦਿੱਤੀ ਗਈ ਜਾਣਕਾਰੀ ਮੁਤਾਬਕ, ਅਦਾਲਤ ਵਿੱਚ 20 ਨਵੰਬਰ ਨੂੰ ਸਜ਼ਾ ਸੁਣਾਈ ਜਾਣੀ ਹੈ।