ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗਿਰੀਪਾਰ ਖੇਤਰ ਵਿੱਚ ਇੱਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਇੱਕੋ ਪਰਿਵਾਰ ਦੇ ਚਾਰ ਭਰਾਵਾਂ ਨੇ ਇੱਕੋ ਸ਼ੁਭ ਮੁਹੂਰਤ ਵਿੱਚ ਵਿਆਹ ਕਰਵਾਇਆ। ਖ਼ਾਸ ਗੱਲ ਇਹ ਰਹੀ ਕਿ ਚਾਰਾਂ ਭਰਾਵਾਂ ਦੀਆਂ ਵਿਆਹ ਦੀਆਂ ਰਸਮਾਂ ਇੱਕੋ ਸਮੇਂ ਹੋਈਆਂ ਅਤੇ ਵਿਆਹ ਤੋਂ ਬਾਅਦ ਚਾਰਾਂ ਨਵ-ਵਿਆਹੁਤਾ ਜੋੜਿਆਂ ਨੇ ਇਕੱਠੇ ਗ੍ਰਹਿ ਪ੍ਰਵੇਸ਼ ਕੀਤਾ।
ਇਹ ਵਿਆਹ ਗਿਰੀਪਾਰ ਦੇ ਸ਼ਿੱਲਾ ਪਿੰਡ ਦੇ ਪ੍ਰਤਾਪ ਚੌਹਾਨ ਦੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਵੱਡੇ ਪੁੱਤਰ ਭਵਾਨ ਸਿੰਘ ਨੇ ਮਟਿਆਨਾ ਦੀ ਸ਼ਿਵਾਨੀ ਨਾਲ ਅਤੇ ਫ਼ੌਜ ਵਿੱਚ ਤਾਇਨਾਤ ਰਵਿੰਦਰ ਸਿੰਘ ਨੇ ਦੁਗਾਨਾ ਪਿੰਡ ਦੀ ਰਵੀਨਾ ਨਾਲ ਵਿਆਹ ਕਰਵਾਇਆ। ਇਸੇ ਤਰ੍ਹਾਂ ਵਿਜੇ ਚੌਹਾਨ ਨੇ ਬਾਲੀਕੋਟੀ ਦੀ ਪ੍ਰਮਿਲਾ ਅਤੇ ਅਜੇ ਨੇ ਬਿਰਾਖਨਾ ਪਿੰਡ ਦੀ ਸੁਨੀਤਾ ਨਾਲ ਸੱਤ ਫੇਰੇ ਲਏ।
ਪਰਿਵਾਰ ਵੱਲੋਂ ਚਾਰਾਂ ਵਿਆਹਾਂ ਦੀਆਂ ਤਿਆਰੀਆਂ ਇਕੱਠੀਆਂ ਕੀਤੀਆਂ ਗਈਆਂ ਸਨ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਚਾਰਾਂ ਜੋੜਿਆਂ ਦੀਆਂ ਵਿਆਹ ਦੀਆਂ ਰਸਮਾਂ ਰਵਾਇਤੀ ਰੀਤੀ-ਰਿਵਾਜਾਂ ਨਾਲ ਇੱਕੋ ਮੁਹੂਰਤ ਵਿੱਚ ਸੰਪੰਨ ਹੋਈਆਂ।
ਵਿਆਹ ਦਾ ਸਭ ਤੋਂ ਖ਼ਾਸ ਪਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਚਾਰਾਂ ਜੋੜਿਆਂ ਨੇ ਇੱਕੋ ਸ਼ੁਭ ਸਮੇਂ ’ਤੇ ਗ੍ਰਹਿ ਪ੍ਰਵੇਸ਼ ਕੀਤਾ। ਪਰਿਵਾਰ ਦੇ ਬਜ਼ੁਰਗਾਂ ਨੇ ਨਵ-ਵਿਆਹੁਤਾ ਜੋੜਿਆਂ ਨੂੰ ਅਸ਼ੀਰਵਾਦ ਦੇ ਕੇ ਉਨ੍ਹਾਂ ਦੇ ਸੁਖੀ ਜੀਵਨ ਦੀ ਕਾਮਨਾ ਕੀਤੀ।
ਗਿਰੀਪਾਰ ਖੇਤਰ ਆਪਣੀਆਂ ਵਿਲੱਖਣ ਲੋਕ ਪਰੰਪਰਾਵਾਂ ਅਤੇ ਸੱਭਿਆਚਾਰਕ ਰੀਤੀ-ਰਿਵਾਜਾਂ ਲਈ ਜਾਣਿਆ ਜਾਂਦਾ ਹੈ। ਇਸ ਅਨੋਖੇ ਸਮੂਹਿਕ ਵਿਆਹ ਨੇ ਇੱਕ ਵਾਰ ਫਿਰ ਇਲਾਕੇ ਦੀ ਪਰਿਵਾਰਕ ਏਕਤਾ ਅਤੇ ਰਵਾਇਤਾਂ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।





