ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਕੁਝ ਦਿਨ ਪਹਿਲਾਂ 30 ਤੋਂ 35 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਹੁਣ ਪ੍ਰਚੂਨ ਬਾਜ਼ਾਰ ਵਿੱਚ 65 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਉੱਧਰ, ਥੋਕ ਮੰਡੀ ਵਿੱਚ ਪਿਆਜ਼ 45 ਤੋਂ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਵਪਾਰੀਆਂ ਮੁਤਾਬਕ ਸਥਾਨਕ ਮੰਡੀ ਵਿੱਚ ਜ਼ਿਆਦਾਤਰ ਪਿਆਜ਼ ਨਾਸਿਕ ਤੋਂ ਆ ਰਿਹਾ ਹੈ ਅਤੇ ਰੋਜ਼ਾਨਾ 10 ਤੋਂ 12 ਗੱਡੀਆਂ ਦੀ ਸਪਲਾਈ ਹੋ ਰਹੀ ਹੈ। ਥੋਕ ਵਿੱਚ ਨਾਸਿਕ ਦੇ ਪਿਆਜ਼ ਦਾ ਭਾਅ ਕਰੀਬ 50 ਰੁਪਏ ਪ੍ਰਤੀ ਕਿਲੋ ਹੈ, ਜਦਕਿ ਪ੍ਰਚੂਨ ਬਾਜ਼ਾਰ ਵਿੱਚ ਇਸ ਦੀ ਕੀਮਤ 70 ਰੁਪਏ ਤੱਕ ਪਹੁੰਚ ਰਹੀ ਹੈ। ਸਥਾਨਕ ਪਿਆਜ਼ ਵੀ 45 ਤੋਂ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
ਛੋਟੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੰਡੀ ਤੋਂ ਹੀ ਮਹਿੰਗਾ ਪਿਆਜ਼ ਮਿਲਣ ਕਾਰਨ ਉਨ੍ਹਾਂ ਨੂੰ ਉੱਚੀਆਂ ਕੀਮਤਾਂ ’ਤੇ ਵੇਚਣਾ ਪੈ ਰਿਹਾ ਹੈ। ਦੂਜੇ ਪਾਸੇ ਖਪਤਕਾਰਾਂ ਨੇ ਵੱਡੇ ਵਪਾਰੀਆਂ ’ਤੇ ਸਟਾਕ ਰੋਕ ਕੇ ਕੀਮਤਾਂ ਵਧਾਉਣ ਦੇ ਦੋਸ਼ ਲਗਾਏ ਹਨ। ਪਿਆਜ਼ ਦੀ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ’ਤੇ ਪੈ ਰਿਹਾ ਹੈ। ਕਈ ਘਰਾਂ ਵਿੱਚ ਪਿਆਜ਼ ਦੀ ਖਪਤ ਅੱਧੀ ਰਹਿ ਗਈ ਹੈ ਅਤੇ ਸਲਾਦ ਤੇ ਸਬਜ਼ੀਆਂ ਵਿੱਚ ਵੀ ਇਸ ਦੀ ਵਰਤੋਂ ਘਟਾਈ ਜਾ ਰਹੀ ਹੈ। ਇਸ ਮਹਿੰਗਾਈ ਨੇ ਹੋਟਲਾਂ, ਢਾਬਿਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੀ ਲਾਗਤ ਵੀ ਵਧਾ ਦਿੱਤੀ ਹੈ। ਕਾਰੋਬਾਰੀਆਂ ਮੁਤਾਬਕ ਮਹਿੰਗਾ ਪਿਆਜ਼ ਖਰੀਦਣ ਦੇ ਬਾਵਜੂਦ ਗਾਹਕਾਂ ’ਤੇ ਵਾਧੂ ਬੋਝ ਪਾਉਣਾ ਮੁਸ਼ਕਲ ਹੋ ਰਿਹਾ ਹੈ।





