ਸੈਕਟਰ-12 ਸਥਿਤ ਇੱਕ ਪੀਜ਼ਾ ਸਟੋਰ ਵਿੱਚ ਪਾਣੀ ਨਾ ਦੇਣ ਨੂੰ ਲੈ ਕੇ ਵਿਵਾਦ ਹੋ ਗਿਆ। ਦੋਸ਼ ਹੈ ਕਿ ਪਾਣੀ ਮੰਗਣ ਆਏ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਟੋਰ ਮੈਨੇਜਰ ਦੀ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਮੈਨੇਜਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ।
ਸਟੋਰ ਮੈਨੇਜਰ ਨਿਤੇਸ਼ ਕੁਮਾਰ ਅਨੁਸਾਰ, ਉਹ ਆਪਣੇ ਇੱਕ ਸਾਥੀ ਨਾਲ ਸਟੋਰ ਵਿੱਚ ਕੰਮ ਕਰ ਰਹੇ ਸਨ, ਜਦਕਿ ਬਾਕੀ ਤਿੰਨ ਮੁਲਾਜ਼ਮ ਆਰਡਰ ਸਪਲਾਈ ਕਰਨ ਗਏ ਹੋਏ ਸਨ। ਇਸ ਦੌਰਾਨ ਅਜੇ ਨਾਮ ਦਾ ਨੌਜਵਾਨ ਸਟੋਰ ’ਤੇ ਆਇਆ ਅਤੇ ਪਾਣੀ ਮੰਗਿਆ। ਕੰਮ ਵਿੱਚ ਰੁੱਝੇ ਹੋਣ ਕਾਰਨ ਉਸ ਦੀ ਆਵਾਜ਼ ਅੰਦਰ ਤੱਕ ਨਹੀਂ ਪਹੁੰਚੀ, ਜਿਸ ਤੋਂ ਬਾਅਦ ਉਸ ਨੇ ਵਿਵਾਦ ਸ਼ੁਰੂ ਕਰ ਦਿੱਤਾ।
ਨਿਤੇਸ਼ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਨੌਜਵਾਨ ਨੂੰ ਸ਼ਾਂਤ ਰਹਿਣ ਲਈ ਕਿਹਾ ਤਾਂ ਉਸ ਨੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਸ ਦੇ ਹੋਰ ਸਾਥੀ ਵੀ ਸਟੋਰ ਵਿੱਚ ਦਾਖ਼ਲ ਹੋ ਗਏ ਅਤੇ ਮੈਨੇਜਰ ਨਾਲ ਕੁੱਟਮਾਰ ਕੀਤੀ। ਨਿਤੇਸ਼ ਮੁਤਾਬਕ, ਪੁਲਿਸ ਨੂੰ ਫ਼ੋਨ ਕਰਨ ਤੋਂ ਬਾਅਦ ਵੀ ਮੁਲਜ਼ਮਾਂ ਨੇ ਕੁੱਟਮਾਰ ਜਾਰੀ ਰੱਖੀ।
ਮਾਮਲੇ ਸਬੰਧੀ ਸੈਂਟਰਲ ਥਾਣਾ ਇੰਚਾਰਜ ਸਤਬੀਰ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਕਿਹੜੇ ਪੁਲਿਸ ਮੁਲਾਜ਼ਮ ਮੌਜੂਦ ਸਨ, ਇਸ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।





