ਪੁਰਾਣੇ ਲੰਬਿਤ ਟ੍ਰੈਫਿਕ ਚਲਾਨਾਂ ਤੋਂ ਰਾਹਤ ਦੇਣ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 16 ਨਵੰਬਰ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਮੋਟਰ ਵਾਹਨ ਐਕਟ ਦੀ ਧਾਰਾ 177 ਅਧੀਨ ਜਾਰੀ ਜ਼ੈਬਰਾ ਕਰਾਸਿੰਗ ਅਤੇ ਗਲਤ ਪਾਰਕਿੰਗ ਨਾਲ ਸਬੰਧਤ 500 ਰੁਪਏ ਤੱਕ ਦੇ ਚਲਾਨਾਂ ਦਾ ਨਿਪਟਾਰਾ ਸਿਰਫ਼ 100 ਰੁਪਏ ਵਿੱਚ ਕੀਤਾ ਜਾ ਰਿਹਾ ਹੈ।

ਮੁਹਿੰਮ ਦੇ ਪਹਿਲੇ ਪੜਾਅ ਵਿੱਚ ਸਤੰਬਰ 2023 ਤੋਂ ਮਾਰਚ 2024 ਦਰਮਿਆਨ ਜਾਰੀ ਕੀਤੇ ਗਏ 8,500 ਪੁਰਾਣੇ ਚਲਾਨ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਨੂੰ ਨਿਪਟਾਰੇ ਲਈ 17 ਅਦਾਲਤਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਅਦਾਲਤ ਨੂੰ 500 ਚਲਾਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਵਾਹਨ ਚਾਲਕਾਂ ਦੀ ਸਹੂਲਤ ਲਈ ਜ਼ਿਲ੍ਹਾ ਅਦਾਲਤ ਦੀ ਅਧਿਕਾਰਤ ਵੈੱਬਸਾਈਟ ’ਤੇ ਸਾਰੇ ਚਲਾਨਾਂ ਦੀ ਸੂਚੀ ਅਤੇ ਹਰੇਕ ਅਦਾਲਤ ਲਈ ਵੱਖਰਾ ਭੁਗਤਾਨ ਲਿੰਕ ਉਪਲਬਧ ਕਰਵਾਇਆ ਗਿਆ ਹੈ। ਲੋਕ ਆਨਲਾਈਨ ਜਾਂ ਅਦਾਲਤ ਕੰਪਲੈਕਸ ਵਿੱਚ ਲੱਗੀਆਂ ਪੇਮੈਂਟ ਮਸ਼ੀਨਾਂ ਰਾਹੀਂ ਜੁਰਮਾਨਾ ਜਮ੍ਹਾਂ ਕਰਵਾ ਸਕਦੇ ਹਨ। UPI ਰਾਹੀਂ ਭੁਗਤਾਨ ’ਤੇ ਕੋਈ ਵਾਧੂ ਚਾਰਜ ਨਹੀਂ ਲੱਗੇਗਾ, ਜਦਕਿ NEFT ਅਤੇ ਨੈੱਟ ਬੈਂਕਿੰਗ ’ਤੇ ਬੈਂਕ ਚਾਰਜ ਲਾਗੂ ਹੋ ਸਕਦੇ ਹਨ।

ਅਦਾਲਤ ਵੱਲੋਂ ਵਾਹਨ ਚਾਲਕਾਂ ਨੂੰ CIS ਸਿਸਟਮ ਰਾਹੀਂ ਚਲਾਨ ਸਬੰਧੀ ਸੁਨੇਹੇ ਵੀ ਭੇਜੇ ਗਏ ਹਨ, ਜਿਨ੍ਹਾਂ ਵਿੱਚ TRF ਨੰਬਰ ਅਤੇ ਚਲਾਨ ਜਾਰੀ ਹੋਣ ਦੀ ਤਾਰੀਖ਼ ਦਰਜ ਹੈ। ਸਾਈਬਰ ਠੱਗੀ ਤੋਂ ਬਚਣ ਲਈ ਇਨ੍ਹਾਂ ਸੁਨੇਹਿਆਂ ਵਿੱਚ ਕੋਈ ਭੁਗਤਾਨ ਲਿੰਕ ਨਹੀਂ ਭੇਜਿਆ ਗਿਆ। ਵਾਹਨ ਚਾਲਕਾਂ ਨੂੰ ਸਿਰਫ਼ ਜ਼ਿਲ੍ਹਾ ਅਦਾਲਤ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਹੀ ਭੁਗਤਾਨ ਕਰਨ ਦੀ ਸਲਾਹ ਦਿੱਤੀ ਗਈ ਹੈ।