ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿੱਚ ਛੱਠ ਪੂਜਾ ਦੀਆਂ ਤਿਆਰੀਆਂ ਦੌਰਾਨ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੂਸਾ ਥਾਣਾ ਖੇਤਰ ਦੇ ਮੁਹੰਮਦਪੁਰ ਬਿਰੌਲੀ ਪਿੰਡ ਵਿੱਚ ਪ੍ਰਸ਼ਾਦ ਦਾ ਪਕਵਾਨ ਜੂਠਾ ਕਰਨ ਤੋਂ ਨਾਰਾਜ਼ ਮਾਂ ਨੇ ਆਪਣੀ ਚਾਰ ਸਾਲਾ ਧੀ ਦੀ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਬੱਚੀ ਦੀ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਨਿੱਜੀ ਨਰਸਿੰਗ ਹੋਮ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੁਲਜ਼ਮ ਮਾਂ ਰੀਨਾ ਕੁਮਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮ੍ਰਿਤਕ ਬੱਚੀ ਦੀ ਪਛਾਣ ਰਾਜੂ ਪਾਸਵਾਨ ਦੀ ਚਾਰ ਸਾਲਾ ਧੀ ਸੁਹਾਨੀ ਕੁਮਾਰੀ ਵਜੋਂ ਹੋਈ ਹੈ। ਪਿਤਾ ਅਨੁਸਾਰ, ਪਰਿਵਾਰ ਦੇ ਮੈਂਬਰ ਛੱਠ ਪੂਜਾ ਲਈ ਘਾਟ ਬਣਾਉਣ ਗਏ ਹੋਏ ਸਨ, ਜਦਕਿ ਰੀਨਾ ਘਰ ਵਿੱਚ ਪੂਜਾ ਦਾ ਪ੍ਰਸ਼ਾਦ ਤਿਆਰ ਕਰ ਰਹੀ ਸੀ। ਇਸੇ ਦੌਰਾਨ ਸੁਹਾਨੀ ਨੇ ਪਕਵਾਨ ਜੂਠਾ ਕਰ ਦਿੱਤਾ, ਜਿਸ ਤੋਂ ਗੁੱਸੇ ਵਿੱਚ ਆ ਕੇ ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਕੁਝ ਸਮੇਂ ਬਾਅਦ ਬੱਚੀ ਦੀ ਹਾਲਤ ਵਿਗੜ ਗਈ।

ਧੀ ਦੀ ਮੌਤ ਤੋਂ ਬਾਅਦ ਪਿਤਾ ਰਾਜੂ ਪਾਸਵਾਨ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੇ ਮੁਲਜ਼ਮ ਪਤਨੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਵਿੱਚ ਤਿੰਨ ਬੱਚੇ ਸਨ, ਜਿਨ੍ਹਾਂ ਵਿੱਚ ਸੱਤ ਸਾਲਾ ਸ਼ਿਵਾਨੀ, ਸੁਹਾਨੀ ਅਤੇ ਡੇਢ ਸਾਲਾ ਪੁੱਤਰ ਰਾਜਾ ਕੁਮਾਰ ਸ਼ਾਮਲ ਹਨ।

ਘਟਨਾ ਦੀ ਸੂਚਨਾ ਮਿਲਣ ’ਤੇ ਪੂਸਾ ਥਾਣਾ ਮੁਖੀ ਰਮੇਸ਼ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਬੱਚੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤੀ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ।