ਵਿਦੇਸ਼ੀ ਖੁਫੀਆ ਏਜੰਸੀਆਂ ਭਾਰਤ ਵਿੱਚ ਜਾਸੂਸੀ ਲਈ ਹੁਣ ਰਵਾਇਤੀ ਹਨੀ ਟ੍ਰੈਪ ਤੋਂ ਇਲਾਵਾ ਸਾਈਬਰ ਜਾਸੂਸੀ, ਮਲਟੀ-ਲੈਵਲ ਮਾਰਕੀਟਿੰਗ ਅਤੇ ਗੈਰ-ਕਾਨੂੰਨੀ ਕਰਜ਼ੇ ਵਰਗੇ ਨਵੇਂ ਤਰੀਕੇ ਅਪਣਾ ਰਹੀਆਂ ਹਨ। ਇਹ ਖੁਲਾਸਾ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ 'ANI ਨੈਸ਼ਨਲ ਸਕਿਓਰਿਟੀ ਸਮਿਟ 3.0' ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਪ੍ਰੇਮ ਜਾਲ ਵਿੱਚ ਫਸਾਉਣਾ ਵਿਦੇਸ਼ੀ ਜਾਸੂਸੀ ਗਤੀਵਿਧੀਆਂ ਦਾ ਸਿਰਫ਼ ਇੱਕ ਹਿੱਸਾ ਹੈ। ਜਾਸੂਸੀ ਗਿਰੋਹ ਹੁਣ ਵੱਖ-ਵੱਖ ਆਰਥਿਕ ਅਤੇ ਤਕਨੀਕੀ ਤਰੀਕਿਆਂ ਰਾਹੀਂ ਸੰਵੇਦਨਸ਼ੀਲ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਏਅਰ ਚੀਫ ਮਾਰਸ਼ਲ ਅਨੁਸਾਰ, ਇਨ੍ਹਾਂ ਗਿਰੋਹਾਂ ਦੇ ਨਿਸ਼ਾਨੇ ’ਤੇ ਮੁੱਖ ਤੌਰ ’ਤੇ ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ ਨਿੱਜੀ ਰੱਖਿਆ ਠੇਕੇਦਾਰਾਂ ਨਾਲ ਜੁੜੇ ਕਰਮਚਾਰੀ ਹੁੰਦੇ ਹਨ। ਅਜਿਹੇ ਕਰਮਚਾਰੀਆਂ ਤੱਕ ਪਹੁੰਚ ਬਣਾਉਣ ਲਈ ਵੱਖ-ਵੱਖ ਤਰੀਕੇ ਵਰਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਫੌਜ ਅਤੇ ਇਸ ਦੇ ਖੋਜ ਨੈੱਟਵਰਕ ਵੱਲੋਂ ਤਕਨੀਕੀ ਅਤੇ ਸੰਸਥਾਗਤ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ।