ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਪਿਛਲੇ ਹਫ਼ਤੇ ਆਈ ਵਿਸ਼ਵਵਿਆਪੀ ਰੁਕਾਵਟ ਪਿੱਛੇ ਜੁਲਾਈ ਵਿੱਚ ਕੀਤਾ ਗਿਆ ਸਾਫਟਵੇਅਰ ਅਪਡੇਟ ਜ਼ਿੰਮੇਵਾਰ ਸੀ। ਇਸ ਤਕਨੀਕੀ ਖ਼ਾਮੀ ਕਾਰਨ ਕੰਪਨੀ ਦੇ ਨੈੱਟਵਰਕਿੰਗ ਗੇਟਵੇ ਦੇ 80 ਫ਼ੀਸਦੀ ਤੋਂ ਵੱਧ ਸਰਵਰ ਠੱਪ ਹੋ ਗਏ, ਜਿਸ ਨਾਲ ਆਊਟਲੁੱਕ ਸਮੇਤ ਮਾਈਕ੍ਰੋਸਾਫਟ 365 ਦੀਆਂ ਕਈ ਸੇਵਾਵਾਂ ਕਰੀਬ 18 ਘੰਟਿਆਂ ਤੱਕ ਪ੍ਰਭਾਵਿਤ ਰਹੀਆਂ।

ਮਾਈਕ੍ਰੋਸਾਫਟ ਦੇ ਸੀਨੀਅਰ ਅਧਿਕਾਰੀ ਚਾਰਲਸ ਲਮਾਨਾ ਨੇ ਇਸ ਗੜਬੜੀ ਦੇ ਤਿੰਨ ਮੁੱਖ ਕਾਰਨ ਦੱਸੇ ਹਨ। ਉਨ੍ਹਾਂ ਮੁਤਾਬਕ, ਜੁਲਾਈ ਦੇ ਸਾਫਟਵੇਅਰ ਅਪਡੇਟ ਵਿੱਚ ਮੌਜੂਦ ਖ਼ਾਮੀ ਆਮ ਹਾਲਾਤ ਵਿੱਚ ਸਾਹਮਣੇ ਨਹੀਂ ਆਈ ਸੀ, ਪਰ ਜ਼ਿਆਦਾ ਟ੍ਰੈਫਿਕ ਅਤੇ ਸਰਵਰਾਂ ’ਤੇ ਵਧੇਰੇ ਦਬਾਅ ਪੈਣ ਕਾਰਨ ਸਿਸਟਮ ਨੇ ਕੰਮ ਕਰਨਾ ਬੰਦ ਕਰ ਦਿੱਤਾ। ਕੰਪਨੀ ਦੇ ਟੈਸਟਾਂ ਦੌਰਾਨ ਵੀ ਇਹ ਖ਼ਾਮੀ ਸਾਹਮਣੇ ਨਹੀਂ ਆਈ, ਕਿਉਂਕਿ ਜਾਂਚ ਵੱਖਰੀ ਸਮਰੱਥਾ ਵਾਲੇ ਹਾਰਡਵੇਅਰ ’ਤੇ ਕੀਤੀ ਗਈ ਸੀ।

ਦੂਜਾ ਕਾਰਨ ਆਊਟੇਜ ਤੋਂ ਕਰੀਬ 15 ਘੰਟੇ ਪਹਿਲਾਂ ਕੀਤੀ ਗਈ ਨੈੱਟਵਰਕ ਤਬਦੀਲੀ ਸੀ। ਇਸ ਦੌਰਾਨ ਮਾਈਕ੍ਰੋਸਾਫਟ ਟੀਮਸ ਨੂੰ ਬਦਲਵੇਂ ਗੇਟਵੇ ਤੋਂ ਮੁੱਖ ਗੇਟਵੇ ’ਤੇ ਤਬਦੀਲ ਕੀਤਾ ਗਿਆ, ਜਿਸ ਨਾਲ ਆਊਟਲੁੱਕ ਦੀ ਈਮੇਲ ਸੇਵਾ ਐਕਸਚੇਂਜ ਆਨਲਾਈਨ ਸਮੇਤ ਹੋਰ ਸੇਵਾਵਾਂ ਦਾ ਟ੍ਰੈਫਿਕ ਇੱਕੋ ਗੇਟਵੇ ’ਤੇ ਵਧ ਗਿਆ।

ਤੀਜਾ ਕਾਰਨ ਇਹ ਸੀ ਕਿ ਇਸ ਤੋਂ ਇੱਕ ਦਿਨ ਪਹਿਲਾਂ ਆਈ ਹੋਰ ਤਕਨੀਕੀ ਸਮੱਸਿਆ ਕਾਰਨ ਗੇਟਵੇ ਦੀ ਕਰੀਬ 14 ਫ਼ੀਸਦੀ ਸਰਵਰ ਸਮਰੱਥਾ ਪਹਿਲਾਂ ਹੀ ਪ੍ਰਭਾਵਿਤ ਸੀ। ਇਸ ਤਰ੍ਹਾਂ ਸਾਫਟਵੇਅਰ ਦੀ ਖ਼ਾਮੀ, ਵਧਦਾ ਟ੍ਰੈਫਿਕ ਅਤੇ ਘਟੀ ਹੋਈ ਸਰਵਰ ਸਮਰੱਥਾ ਇਕੱਠੇ ਹੋਣ ਕਾਰਨ ਵੱਡਾ ਸੰਕਟ ਪੈਦਾ ਹੋ ਗਿਆ।

ਸੇਵਾਵਾਂ ਬਹਾਲ ਕਰਨ ਲਈ ਕੰਪਨੀ ਨੇ ਟੀਮਸ, ਵਨਡਰਾਈਵ, ਸ਼ੇਅਰਪੁਆਇੰਟ ਅਤੇ ਆਫਿਸ ਐਪਸ ਨੂੰ ਬਦਲਵੇਂ ਗੇਟਵੇ ’ਤੇ ਤਬਦੀਲ ਕੀਤਾ। ਹਾਲਾਂਕਿ, ਐਕਸਚੇਂਜ ਆਨਲਾਈਨ ਨੂੰ ਬਹਾਲ ਕਰਨ ਵਿੱਚ ਵਧੇਰੇ ਸਮਾਂ ਲੱਗਾ, ਕਿਉਂਕਿ ਸਰਵਰ ਮੁੜ ਚਾਲੂ ਹੋਣ ’ਤੇ ਲੰਬਿਤ ਟ੍ਰੈਫਿਕ ਦਾ ਦਬਾਅ ਵਧਣ ਕਾਰਨ ਉਹ ਦੁਬਾਰਾ ਠੱਪ ਹੋ ਰਹੇ ਸਨ।

ਆਖ਼ਰਕਾਰ ਇੰਜੀਨੀਅਰਾਂ ਨੇ ਸਾਫਟਵੇਅਰ ਕੋਡ ਨੂੰ ਪੁਰਾਣੀ ਸਥਿਤੀ ਵਿੱਚ ਲਿਆਉਣ ਲਈ ਨਵਾਂ ਅਪਡੇਟ ਤਿਆਰ ਕੀਤਾ ਅਤੇ ਸਰਵਰਾਂ ਨੂੰ ਪੜਾਅਵਾਰ ਬਹਾਲ ਕੀਤਾ। ਇਸ ਘਟਨਾ ਨੇ ਮਾਈਕ੍ਰੋਸਾਫਟ ਦੇ ਸਰਵਰ ਪ੍ਰਬੰਧਨ ਅਤੇ ਆਟੋਮੈਟਿਕ ਰਿਕਵਰੀ ਸਿਸਟਮ ਦੀ ਸਮਰੱਥਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।